*ਬੱਚਿਆਂ ਵਿੱਚ ਨਮੂਨੀਆ ਦੀ ਜਲਦ ਜਾਂਚ ਤੇ ਬਚਾਅ ਲਈ ਪੈਰਾ ਮੈਡੀਕਲ ਸਟਾਫ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ-ਸਹਾਇਕ ਸਿਵਲ ਸਰਜਨ
05 ਜਨਵਰੀ (ਕਰਨ ਭੀਖੀ) ਮਾਨਸਾ: ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਗੁਰਚੇਤਨ ਪ੍ਰਕਾਸ਼ ਦੀ ਰਹਿਨੁਮਾਈ ਹੇਠ ਸਹਾਇਕ ਸਿਵਲ ਸਰਜਨ ਡਾ. ਵੇਦ ਪ੍ਰਕਾਸ਼ ਸੰਧੂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਮਲਪ੍ਰੀਤ ਬਰਾੜ ਦੁਆਰਾ ਸਾਂਸ ਪ੍ਰੋਗਰਾਮ ਤਹਿਤ ਬੱਚਿਆਂ ਵਿਚ ਨਮੂਨੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ।
ਸਹਾਇਕ ਸਿਵਲ ਸਰਜਨ ਡਾ. ਵੇਦਪ੍ਰਕਾਸ਼ ਸੰਧੂ ਨੇ ਦੱਸਿਆ ਕਿ ਪੰਜਾਬ ਰਾਜ ਵਿਚ “ਸਾਂਸ” ( ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਮੂਨੀਆ ਸਕਸੈਸਫੁਲੀ) ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਮੂਨੀਆ ਦੀ ਜਲਦ ਜਾਂਚ ਕਰਕੇ ਪ੍ਰਭਾਵਿਤ ਬੱਚਿਆਂ ਦਾ ਜਲਦ ਇਲਾਜ ਕਰਨਾ ਹੈ ਤਾਂ ਜੋ ਨਮੂਨੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ ।ਉਨ੍ਹਾਂ ਕਿਹਾ ਕਿ ਨਮੂਨੀਆ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋ ਵੱਡਾ ਕਾਰਨ ਹੈ।ਇਸ ਲਈ ਬੱਚਿਆਂ ਵਿਚ ਨਮੂਨੀਆ ਦੇ ਲੱਛਣ ਹੋਣ ‘ਤੇ ਘਰੇਲੂ ਇਲਾਜ਼ ਕਰਾਉਣ ਦੀ ਬਜਾਏ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕਰਕੇ ਇਲਾਜ ਕਰਵਾਇਆ ਜਾਵੇ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੇ ਦੁੱਧ ਪਿਲਾਉਣ , ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ਼ ਸਫ਼ਾਈ ਰੱਖਣਾ ਅਤੇ ਪੂਰਾ ਟੀਕਾਕਰਣ ਕਰਵਾਉਣਾ ਜਰੂਰੀ ਹੈ।ਇਸ ਲੜੀ ਤਹਿਤ ਪੀ ਸੀ ਵੀ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ । ਨਮੂਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧਸਣਾ ਅਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਝੱਟਕੇ ਆਉਣਾ, ਸੁਸਤੀ ਜਾਂ ਨੀਂਦ ਜਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ਼ ਜਰੂਰੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਜ਼ਿਲ੍ਹਾ ਅਕਾਊਂਟ ਅਫਸਰ ਲਵਲੀ ਗੋਇਲ, ਸੀਨੀਅਰ ਸਹਾਇਕ ਸੰਦੀਪ ਸਿੰਘ,ਬੀ.ਈ.ਈ ਕੇਵਲ ਸਿੰਘ, ਰਾਜਵੀਰ ਕੌਰ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ , ਆਸ਼ਾ ਕਮਿਊਨਿਟੀ ਮੋਬਿਲਾਈਜ਼ਰ ਜਗਦੇਵ ਸਿੰਘ, ਸਟੈਨੋ ਜਸਪ੍ਰੀਤ ਕੌਰ , ਚੰਦਰਸ਼ੇਖਰ ਅਤੇ ਹੋਰ ਕਰਮਚਾਰੀ ਵੀ ਹਾਜ਼ਿਰ ਸਨ