21 ਮਈ (ਰਿੰਪਲ ਗੋਲਣ) ਭਿੱਖੀਵਿੰਡ: ਖਾਲੜਾ ਪੁਲਸ ਤੇ ਬੀਐੱਸਐੱਫ਼ ਦੀ 103 ਬਟਾਲੀਅਨ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਏ ਸਾਂਝੇ ਸਰਚ ਅਭਿਆਨ ਦੌਰਾਨ ਸਰਹੱਦੀ ਕਸਬਾ ਰਾਜੋਕੇ ਦੇ ਘਰ ਵਿੱਚੋਂ 3 ਕਿੱਲੋ 124 ਗ੍ਰਾਮ ਹੈਰੋਇਨ,3 ਲੱਖ ਡਰੱਗ ਮਨੀ,ਤਿੰਨ ਇਲੈਕਟ੍ਰਾਨਿਕ ਕੰਡੇ,ਇੱਕ 30 ਬੋਰ ਪਿਸਟਲ ਦੋ ਮੈਗਜੀਨਾਂ ਸਮੇਤ ਤੇ ਇੱਕ ਗਲਾਕ ਪਿਸਟਲ ਤਿੰਨ ਮੈਗਜੀਨਾਂ ਸਮੇਤ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਕੁ ਦਿਨ ਪਹਿਲਾਂ ਪਿੰਡ ਰਾਜੋਕੇ ਤੋਂ ਜਸਵਿੰਦਰ ਸਿੰਘ ਪੁੱਤਰ ਕਾਰਜ ਸਿੰਘ ਨੂੰ ਫਾਜ਼ਿਲਕਾ ਪੁਲਸ ਨੇ ਪਿਸਤੌਲ ਤੇ ਮੈਗਜੀਨਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਤੇ ਬੀਐੱਸਐੱਫ਼ ਕੋਲ ਜਸਵਿੰਦਰ ਸਿੰਘ ਦੇ ਗੈਰ ਕਾਨੂੰਨੀ ਕੰਮਾਂ ਦੀ ਜਾਣਕਾਰੀ ਸੀ। ਉਨ੍ਹਾਂ ਦੱਸਿਆ ਕਿ ਅੱਜ ਖਾਲੜਾ ਪੁਲਸ ਤੇ ਬੀਐੱਸਐੱਫ਼ ਵੱਲੋਂ ਜਸਵਿੰਦਰ ਸਿੰਘ ਦੇ ਘਰ ਵਿੱਚ ਚਲਾਏ ਗਏ ਸਰਚ ਅਭਿਆਨ ਦੌਰਾਨ 3 ਕਿੱਲੋ 124 ਗ੍ਰਾਮ ਹੈਰੋਇਨ,ਤਿੰਨ ਲੱਖ ਡਰੱਗ ਮਨੀ,ਦੋ ਇਲੈਕਟ੍ਰਾਨਿਕ ਕੰਡੇ,ਇੱਕ ਤੀਹ ਬੋਰ ਪਿਸਟਲ ਤੇ ਇੱਕ ਗਲਾਕ ਪਿਸਟਲ ਸਮੇਤ ਪੰਜ ਮੈਗਜੀਨ ਬਰਾਮਦ ਹੋਏ ਹਨ,ਜਿਸ ਸੰਬੰਧੀ ਪੁਲਸ ਸਟੇਸ਼ਨ ਖਾਲੜਾ ‘ਚ ਕੇਸ ਰਜਿਸਟਰ ਕੀਤਾ ਗਿਆ ਹੈ। ਡੀਐੱਸਪੀ ਦਾ ਕਹਿਣਾ ਸੀ ਕਿ ਟੈਕਨੀਕਲ ਸੋਰਸਿਜ਼ ਦੀ ਮਦਦ ਨਾਲ ਜਾਂਚ ਅੱਗੇ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਸਵਿੰਦਰ ਸਿੰਘ ਦਾ ਪਰਿਵਾਰ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।