ਬਠਿੰਡਾ 23 ਨਵੰਬਰ (ਨਾਨਕ ਸਿੰਘ ਖੁਰਮੀ ) ਕੱਲ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਖਾਤਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਡੰਡੇ ਦੇ ਜ਼ੋਰ ਨਾਲ ਦਬਾਉਣ ਅਤੇ ਗ੍ਰਿਫਤਾਰ ਕਰਨ ਦੀ ਡੈਮੋਕਰੇਟਿਕ ਟੀਚਰ ਫਰੰਟ ਇਕਾਈ ਬਠਿੰਡਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇਸ ਸਮੇਂ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ, ਜਿਲਾ ਸਕੱਤਰ ਜਸਵਿੰਦਰ ਸਿੰਘ ,ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ ਨੇ ਸਰਕਾਰ ਵੱਲੋਂ ਅਪਣਾਈ ਜਬਰ ਦੀ ਇਸ ਨੀਤੀ ਦਾ ਡਟਵਾਂ ਵਿਰੋਧ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਪੰਜਾਬ ਦੀ ਹਕੂਮਤ ਵੱਲੋਂ ਕਾਰਪਰੇਟਾਂ ਨੂੰ ਕੌਡੀਆਂ ਦੇ ਭਾਅ ਜਮੀਨਾਂ ਅਤੇ ਸਰਕਾਰੀ ਅਦਾਰੇ ਵੇਚਣ ਦੀ ਧੁੱਸ ਦਿੱਤੀ ਹੋਈ ਹੈ । ਕਾਰਪੋਰੇਟਾਂ ਨੂੰ ਫਾਇਦਾ ਦੇਣ ਦੇ ਲਈ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਦਾ ਮੁੱਲ ਆਪਣੇ ਹਿਸਾਬ ਨਾਲ ਪਾ ਰਹੀ ਹੈ ।ਜਿੰਨਾ ਕਿਸਾਨਾਂ ਦੀਆਂ ਜਮੀਨਾਂ ਨੂੰ ਜਬਰੀ ਐਕੁਆਇਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹੋਰਨਾਂ ਦੇ ਮੁਕਾਬਲੇ ਨਿਗੂਣਾ ਮੁੱਲ ਦੇ ਕੇ ਉਹਨਾਂ ਦੀ ਰੋਜ਼ੀ ਰੋਟੀ ਉੱਤੇ ਲੱਤ ਮਾਰ ਰਹੀ ਹੈ। ਜਿਸ ਦੇ ਤਹਿਤ ਕਿਸਾਨਾਂ ਵੱਲੋਂ ਜਮੀਨ ਦਾ ਉਚਿਤ ਭਾਅ ਲੈਣ ਲਈ ਚੱਲ ਰਹੇ ਮੋਰਚਿਆਂ ਨੂੰ ਉਖਾੜ ਕੇ ਅਤੇ ਕਿਸਾਨਾਂ ਦੀ ਗ੍ਰਫਤਾਰੀ ਕਰਕੇ ਜਬਰੀ ਉਹਨਾਂ ਦੀਆਂ ਜਮੀਨਾਂ ਵਾਹ ਦਿੱਤੀਆਂ ਗਈਆਂ । ਬਠਿੰਡਾ ਜ਼ਿਲੇ ਦੇ ਸੰਗਤ ਬਲਾਕ ਦੇ ਦੋ ਪਿੰਡਾਂ ਦੁੰਨੇਕੇ ਅਤੇ ਸ਼ੇਰਗੜ੍ਹ ਵਿਖੇ ਜਮੀਨਾਂ ਤੇ ਜਬਰੀ ਕਬਜ਼ੇ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਜਮੀਨਾਂ ਬਚਾਉਣ ਲਈ ਜਾ ਰਹੇ ਲੋਕਾਂ ਤੇ ਅੰਨੇਵਾਹ ਲਾਠੀ ਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ । ਇਸ ਦੀ ਡੈਮੋਕਰੈਟਿਕ ਟੀਚਰ ਫਰੰਟ ਜ਼ਿਲ੍ਹਾ ਇਕਾਈ ਬਠਿੰਡਾ ਜੋਰਦਾਰ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆ ਜਾਣ, ਕਾਰਪਰੇਟਾਂ ਨੂੰ ਕੌਡੀਆਂ ਦੇ ਭਾਅ ਜਮੀਨਾਂ ਦਿਵਾਉਣੀਆਂ ਬੰਦ ਕੀਤੀਆਂ ਜਾਣ ਅਤੇ ਜਬਰ ਕਰਨਾ ਬੰਦ ਕੀਤਾ ਜਾਵੇ। ਸਰਕਾਰ ਦੀ ਇਸ ਨੀਤੀ ਦੇ ਖਿਲਾਫ ਪੰਜਾਬ ਦੇ ਲੋਕ ਡਟਵੇਂ ਰੂਪ ਵਿੱਚ ਕਿਸਾਨਾਂ ਦੇ ਨਾਲ ਖੜੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ,ਵਿੱਤ ਸਕੱਤਰ ਅਨਿਲ ਭੱਟ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ,ਜਿਲਾ ਆਗੂ ਰਣਦੀਪ ਕੌਰ ਖਾਲਸਾ ,ਬਲਜਿੰਦਰ ਕੌਰ, ਬਲਾਕ ਪ੍ਰਧਾਨ ਭੋਲਾ ਤਲਵੰਡੀ ਬਲਕਰਨ ਸਿੰਘ ਮੌੜ ਰਾਜਵਿੰਦਰ ਸਿੰਘ ਜਲਾਲ ਭੁਪਿੰਦਰ ਸਿੰਘ ਮਾਈਸਰਖਾਨਾ ਅਸ਼ਵਨੀ ਕੁਮਾਰ ਆਦਿ ਨੇ ਸਰਕਾਰ ਦੀ ਕਿਸਾਨਾਂ ਖਿਲਾਫ ਅਪਣਾਈ ਜਬਰ ਦੀ ਨੀਤੀ ਦਾ ਡਟਵਾਂ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਸਰਕਾਰ ਤੁਰੰਤ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੇ।