*ਆਵਾਜਾਈ ਦੇ ਨਿਯਮਾਂ ਤੋਂ ਜਾਣੂ ਹੋ ਕੇ ਹੀ ਸੜਕੀ
ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ
29 ਜਨਵਰੀ (ਕਰਨ ਭੀਖੀ) ਮਾਨਸਾ: ਸੜਕੀ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਜੇਕਰ ਅਸੀਂ ਇਨ੍ਹਾਂ ਨਿਯਮਾਂ ਤੋਂ ਅਨਜਾਣ ਰਹਾਂਗੇ, ਤਾਂ ਸੜ੍ਹਕੀ ਹਾਦਸਿਆਂ ਨੂੰ ਸੱਦਾ ਦੇਵਾਂਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏ.ਐਸ.ਆਈ. ਸ਼੍ਰੀ ਸੁਰੇਸ਼ ਕੁਮਾਰ ਨੇ ਸਰਕਾਰੀ ਹਾਈ ਸਕੂਲ (ਲੜਕੇ) ਰੱਲਾ ਮਾਨਸਾ ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ।ਸੈਮੀਨਾਰ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਦੌਰਾਨ ਹੈਲਮੇਟ ਦੀ ਵਰਤੋਂ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਹੋਏ ਸੀਟ ਬੈਲਟ ਲਗਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੁਰਘਟਨਾ ਸਮੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੜਕਾਂ ’ਤੇ ਲਿਖੇ ਆਵਾਜਾਈ ਸਬੰਧੀ ਸਾਈਨ ਬੋਰਡਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਇਹ ਸਾਈਨ ਬੋਰਡ ਆਵਾਜਾਈ ਦੌਰਾਨ ਸਾਡੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਲਗਾਏ ਗਏ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਰਾਤ ਸਮੇਂ ਡਰਾਇਵਿੰਗ ਦੌਰਾਨ ਵਾਹਨ ਦੀਆਂ ਲਾਈਟਾਂ ਬਿਲਕੁੱਲ ਸਹੀ ਅਤੇ ਚਲਦੀ ਹਾਲਤ ਵਿੱਚ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਸਾਹਮਣਿਓਂ ਆ ਰਹੇ ਵਾਹਨ ਨੂੰ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਧੁੰਦ ਦੇ ਦਿਨਾਂ ਵਿੱਚ ਡਰਾਈਵਿੰਗ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਰੰਤੂ ਫਿਰ ਵੀ ਜੇਕਰ ਜ਼ਰੂਰੀ ਹੋਵੇ ਤਾਂ ਸਾਨੂੰ ਟੈ੍ਰਫ਼ਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਵਾਹਨ ਚਲਾਉਣੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਹਾਲਤ ਵਿੱਚ ਵਾਹਨ ਨਹੀਂ ਚਲਾਉਣਾ ਚਾਹੀਦਾ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਦੇ ਨਿਯਮਾਂ ਸਬੰਧੀ ਇਹ ਸਾਰੀਆਂ ਗੱਲਾਂ ਆਪਣੇ ਮਾਪਿਆਂ ਅਤੇ ਆਸ-ਪਾਸ ਦੇ ਲੋਕਾਂ ਨਾਲ ਜ਼ਰੂਰ ਸਾਂਝੀਆਂ ਕਰਨ, ਕਿਉਂਕਿ ਟ੍ਰੈਫਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਅਸੀਂ ਆਪਣੀ ਅਤੇ ਕਿਸੇ ਹੋਰ ਦੀ ਕੀਮਤੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ।