23 ਮਈ (ਗਗਨਦੀਪ ਸਿੰਘ) ਬਠਿੰਡਾ: ਲੰਮੇ ਸਮੇਂ ਤੋਂ ਅਦਾਲਤਾਂ ਵਿੱਚ ਚੱਲ ਰਹੇ ਮੁਕੱਦਮਿਆਂ ਦਾ ਨਿਪਟਾਰਾ ਆਪਸੀ ਰਾਜ਼ੀਨਾਮੇ ਰਾਹੀਂ ਕਰਨ ਲਈ ਮਾਣਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ 29 ਜੁਲਾਈ 2024 ਤੋਂ 03 ਅਗਸਤ 2024 ਤੱਕ ਲਗਾਈ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਸਾਂਝਾ ਕਰਦਿਆਂ ਸ੍ਰੀ ਸੁਰੇਸ਼ ਕੁਮਾਰ ਗੋਇਲ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੇਸ ਸੁਪਰੀਮ ਕੋਰਟ ਵਿੱਚ ਲੰਬਿਤ ਹੈ, ਅਤੇ ਉਹ ਦੂਜੀ ਧਿਰ ਨਾਲ ਆਪਸੀ ਰਜ਼ਾਮੰਦੀ ਰਾਹੀਂ ਆਪਣੇ ਕੇਸ ਦਾ ਨਿਪਟਾਰਾ ਮਾਣਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ ਰਾਹੀਂ ਕਰਨਾ ਚਾਹੁੰਦਾ ਹੈ ਤਾਂ ਇਸ ਸਬੰਧੀ ਕਿਸੇ ਵੀ ਨੇੜਲੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵਿੱਚ ਲੇਬਰ ਨਾਲ ਸਬੰਧਿਤ ਮਾਮਲੇ, ਚੈਕ ਨਾਲ ਸਬੰਧਿਤ ਮਾਮਲੇ (138 ਐਨ.ਆਈ.ਐਕਟ), ਐਕਸੀਡੈਂਟ ਕਲੇਮ ਕੇਸ (ਮੋਟਰ ਐਕਸੀਡੈਂਟ ਕਲੇਮ) ਹੋਰ ਮੁਆਵਜ਼ੇ ਦੇ ਮਾਮਲੇ, ਪਰਿਵਾਰਕ ਕਾਨੂੰਨ ਦੇ ਮਾਮਲੇ, ਸਰਵਿਸ਼ਜ਼ ਦੇ ਮਾਮਲੇ, ਰੈਟ ਸਬੰਧੀ ਮਾਮਲੇ, ਅਕਾਦਮਿਕ ਮਾਮਲੇ, ਮੇਨਟੈਂਨਸ ਨਾਲ ਸਬੰਧਿਤ ਮੁੱਦੇ, ਮੋਰਟਗੇਜ਼ ਨਾਲ ਸਬੰਧਤ ਮਾਮਲੇ, ਖਪਤਕਾਰ ਸੁਰੱਖਿਆ ਦੇ ਮਾਮਲੇ, ਤਬਾਦਲਾ ਪਟੀਸ਼ਨਾਂ (ਦੀਵਾਨੀ ਅਤੇ ਫ਼ੌਜਦਾਰੀ), ਰਕਮ ਵਸੂਲੀ ਸਬੰਧੀ ਮਸਲੇ, ਕਰਿਮੀਨਲ ਕੰਪਾਊਡਬੇਲ ਮਾਮਲੇ, ਜ਼ਮੀਨੀ ਵਿਵਾਦਾਂ ਨਾਲ ਸਬੰਧਤ ਮਾਮਲੇ ਅਤੇ ਹੋਰ ਸਿਵਲ ਮਾਮਲੇ ਸਪੈਸ਼ਲ ਲੋਕ ਅਦਾਲਤ ਵਿੱਚ ਲਗਾਏ ਜਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 15100 ਉਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।