09 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੇ ਸਟੂਡੈਂਟ ਪੁਲਿਸ ਕੈਡਟ ਬੱਚਿਆਂ ਦੁਆਰਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੱਚਿਆਂ ਦੁਆਰਾ ਪ੍ਰਬੰਧਕੀ ਕੰਪਲੈਕਸ ਵਿੱਚ ਚੱਲ ਰਹੇ ਅਲੱਗ ਅਲੱਗ ਦਫ਼ਤਰਾਂ ਦਾ ਦੌਰਾ ਕਰਕੇ ਉਥੋਂ ਦੇ ਦਫ਼ਤਰਾਂ ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਗਈ।
ਬੱਚਿਆ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀਮਤੀ ਮੇਘਾ ਮਾਨ ਨਾਲ ਮੁਲਾਕਾਤ ਕੀਤੀ ਗਈ, ਉਨ੍ਹਾਂ ਨੇ ਬੱਚਿਆ ਨੂੰ ਲੋਕ ਸੰਪਰਕ ਵਿਭਾਗ ਦੀ ਕਾਰਜਪ੍ਰਣਾਲੀ ਤੇ ਇਸ ਦਫ਼ਤਰ ਦੀ ਕੀ ਲੋੜ ਲੋਕਾਂ ਨੂੰ ਪੈਂਦੀ ਹੈ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤੀ ਮਾਨ ਵੱਲੋਂ ਬੱਚਿਆ ਨੂੰ ਜ਼ਿਲ੍ਹਾ ਮੀਡੀਆ ਮੋਨੀਟਰਿੰਗ ਸੈੱਲ ਐਮ.ਸੀ.ਐਮ.ਸੀ. ਦਾ ਦੌਰਾ ਵੀ ਕਰਵਾਇਆ ਗਿਆ ਅਤੇ ਚੋਣਾਂ ਦੌਰਾਨ ਐਮ.ਸੀ.ਐਮ.ਸੀ. ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਬੱਚਿਆਂ ਦੁਆਰਾ ਬਰਨਾਲਾ ਪੁਲਿਸ ਦੇ ਸੀ.ਪੀ.ਆਰ.ਸੀ. ਬ੍ਰਾਂਚ ਦੇ ਦੌਰੇ ਦੌਰਾਨ ਸ੍ਰੀ ਮਤੀ ਰੇਨੂੰ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਵੱਲੋਂ ਪੁਲਿਸ ਦੇ ਵੱਖ ਵੱਖ ਵਿਭਾਗਾਂ ਸਾਈਬਰ ਸੈੱਲ ਵੁਮੈਨ ਸੈੱਲ,ਮਹਿਲਾ ਮਿੱਤਰ, ਜ਼ਿਲ੍ਹਾ ਸਾਂਝ ਕੇਂਦਰ ਦਾ ਦੌਰਾ ਕਰਵਾਇਆ ਗਿਆ।
ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਸ੍ਰੀ ਜਗਦੀਸ਼ ਬਿਸ਼ਨੋਈ ਦੁਆਰਾ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਬੱਚਿਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ। ਸਾਈਬਰ ਸੁਰੱਖਿਆ ਦੇ ਕਈ ਹੈਲਪ ਲਾਈਨ ਨੰਬਰ ਵੀ ਬੱਚਿਆ ਨਾਲ ਸਾਂਝੇ ਕੀਤੇ ਗਏ।ਇਸ ਤੋਂ ਬਾਅਦ ਬੱਚਿਆਂ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਦੌਰਾ ਕੀਤਾ ਗਿਆ, ਜਿੱਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਪਦਮਿਨੀ ਤੇ ਸ. ਬਰਜਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਦਫ਼ਤਰ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਰਜਿੰਦਰ ਪਾਲ ਸਿੰਘ ਅਤੇ ਸਕੂਲ ਐਸ.ਪੀ.ਸੀ. ਟੀਚਰ ਜਤਿੰਦਰ ਜੋਸ਼ੀ ਨੇ ਦੱਸਿਆ ਕਿ ਸਟੂਡੈਂਟ ਪੁਲਿਸ ਕੈਡਿਟ ਸਕੀਮ ਜ਼ਿਲ੍ਹੇ ਵਿੱਚ ਅੱਠ ਸਕੂਲਾਂ ਵਿੱਚ ਚੱਲ ਰਹੀ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੁਲਿਸ ਤੇ ਹੋਰ ਪ੍ਰਬੰਧਕੀ ਢਾਂਚੇ ਬਾਰੇ ਜਾਣਕਾਰੀ ਦੇਣਾ ਤੇ ਬੱਚਿਆ ਵਿੱਚ ਜਿੰਮੇਵਾਰੀ ਦੀ ਭਾਵਨਾ ਨੂੰ ਪੈਦਾ ਕਰਨਾ ਹੈ। ਇਹ ਸਕੀਮ ਸਭ ਤੋਂ ਪਹਿਲਾਂ ਕੇਰਲਾ ਵਿੱਚ ਲਾਂਚ ਕੀਤੀ ਗਈ ਸੀ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਪਿਛਲੇ ਸਾਲ ਤੋਂ ਪੰਜਾਬ ਵਿੱਚ ਵੀ ਸ਼ੁਰੂ ਕੀਤੀ ਗਈ ਇਸ ਮੌਕੇ ਬੱਚਿਆ ਦੇ ਨਾਲ ਆਏ ਅਧਿਆਪਕਾਂ ਉਪਾਸਨਾ ਸ਼ਰਮਾ ਨੇ ਬੱਚਿਆ ਨੂੰ ਬਰਨਾਲਾ ਜ਼ਿਲ੍ਹੇ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ।