ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਥੋਕ ਕੱਢਿਆ ਰੀ-ਅਪੀਅਰ ਵਾਲੇ ਪੇਪਰ ਦੀ ਰੀਵੈਲੂਏਸ਼ਨ ਬਿਨਾਂ ਫ਼ੀਸ ਕਰਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਭੇਜਿਆ ਮੰਗ ਪੱਤਰ।
ਮਾਨਸਾ:-27 ਅਗਸਤ (ਰਵਿੰਦਰ ਸਿੰਘ ਖਿਆਲਾ)
ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਇਕੱਠ ਕੀਤਾ ਗਿਆ।ਇਸ ਇਕੱਠ ਨੂੰ ਸੰਬੋਧਨ ਕਰਦਿਆ ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਦੀਪ ਗੁਰੂ, ਖਜ਼ਾਨਚੀ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦਾਅ ਉੱਤੇ ਲਗਾਇਆ ਜਾ ਰਿਹਾ ਹੈ ਭਾਵੇਂ ਉਹ ਪੰਜਾਬ ਮਾਨ ਸਰਕਾਰ ਹੋਵੇ ਜਾਂ ਕੇਂਦਰ ਦੀ ਮੋਦੀ ਸਰਕਾਰ ਹੋਵੇ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੀ ਏ ਸਮੈਸਟਰ ਪਹਿਲੇ ਦਾ ਨਤੀਜਾ ਜਾਰੀ ਕੀਤਾ ਹੈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਥੋਕ ਵਿੱਚ ਵਿਦਿਆਰਥੀਆਂ ਦੀਆਂ ਰੀ-ਅਪੀਅਰਾਂ ਕੱਢ ਕੇ ਵਿਦਿਆਰਥੀਆਂ ਦੀ ਲੁੱਟ ਕਰ ਰਹੀ ਹੈ ਯੂਨੀਵਰਸਿਟੀ ਵੱਲੋਂ ਇਹ ਕੌਝੀਆਂ ਚਾਲਾਂ ਚੱਲ ਕੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਵਿੱਚ ਧਕੇਲਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਨਾਲ ਹੀ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਬੱਸ ਪਾਸ ਦੇ ਫਾਰਮ ਵੀ ਨਹੀਂ ਦਿੱਤੇ ਰਹੇ ਜਿਸ ਕਰਕੇ ਵਿਦਿਆਰਥੀਆਂ ਦੀ ਜੇਬ ਉੱਤੇ ਬੱਸ ਕਿਰਾਏ ਦਾ ਬੋਝ ਪੈ ਰਿਹਾ ਹੈ। ਉਹਨਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਥੋਕ ਵਿੱਚ ਕੱਢੀ ਰੀ-ਅਪੀਅਰ ਵਾਲੇ ਪੇਪਰ ਦੀ ਰੀਵੈਲੂਏਸ਼ਨ ਬਿਨਾਂ ਕਿਸੇ ਫ਼ੀਸ ਤੋਂ ਕਰਵਾਉਣ ਦੀ ਅਤੇ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ।ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਤੋਂ ਵੀ ਮੰਗ ਕੀਤੀ ਵਿਦਿਆਰਥੀਆਂ ਦੇ ਬੱਸ ਪਾਸ ਜਾਰੀ ਕਰਵਾਏ ਜਾਣ।ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਦੀ ਅਗਵਾਈ ਵਿੱਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਤੋਂ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਗਿਆ।ਇਸ ਸਮੇਂ ਇਕੱਠ ਵਿੱਚ ਤਹਿਸੀਲਦਾਰ ਮਾਨਸਾ ਨੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਜਲਦ ਮੰਗਾਂ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਵਾਇਆ।ਇਸ ਸਮੇਂ ਜਥੇਬੰਦੀ ਦੇ ਆਗੂ ਗੁਰਬਲ ਫਤਿਹਪੁਰ,ਗੋਪੀ ਭੁਪਾਲ, ਖੁਸ਼ਪ੍ਰੀਤ ਅਲੀਸ਼ੇਰ, ਭੁਪਿੰਦਰ ਕੁਮਾਰ ਝੰਡਾ, ਗੁਰਵਿੰਦਰ ਗੈਰੀ,ਕਮਲਪ੍ਰੀਤ ਕੌਰ ਝੁਨੀਰ,ਮਨਪ੍ਰੀਤ ਜਵਾਹਰਕੇ,ਜੀਤ ਬਰਾੜ ਆਦਿ ਸ਼ਾਮਿਲ ਸਨ।ਇਸ ਇਕੱਠ ਵਿੱਚ ਭਾਰਤੀ ਤੌਰ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਪੇਂਡੂ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕ੍ਰਿਸ਼ਨ ਚੌਹਾਨ ਅਤੇ ਐਡਵੋਕੇਟ ਕੁਲਵਿੰਦਰ ਉੱਡਤ ਵੀ ਹਮਾਇਤ ਕੀਤੀ।