ਸਕੂਲ ਆਫ਼ ਐੱਮੀਨੈੱਸ ਤੋਂ ਸਿੱਖਿਆ ਅਧਿਕਾਰੀਆਂ ਦਾ ਮੋਹ ਭੰਗ ਹੋਣ ਲੱਗਿਆ
ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਰੋਸ ਜ਼ਾਹਿਰ ਕਰਨ ਦਾ ਫ਼ੈਸਲਾ
ਸੈਂਟ ਜੇਵੀਅਰ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਦੀ ਤਿਆਰੀ ‘ਚ ਜੁੱਟੇ ਅਧਿਆਪਕ
20 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਸਕੂਲ ਆਫ਼ ਐਮੀਨੈੱਸ ਤੋਂ ਸਿੱਖਿਆ ਅਧਿਕਾਰੀਆਂ ਦਾ ਮੋਹ ਭੰਗ ਹੋਣ ਲੱਗਿਆ ਹੈ,ਉਹ ਸਿੱਖਿਆ ਸਮਾਗਮਾਂ ਅਤੇ ਮੀਟਿੰਗਾਂ ਲਈ ਪ੍ਰਾਈਵੇਟ ਸਕੂਲਾਂ ਦਾ ਸਹਾਰਾ ਲੈਣ ਲੱਗੇ ਨੇ, ਭੀਖੀ ਵਿਖੇ ਪਰਖ ਰਾਸ਼ਟਰੀ ਸਰਵੇਖਣ ਸਬੰਧੀ ਜ਼ਿਲ੍ਹਾ ਮੁਖੀਆਂ ਦੀ ਮੀਟਿੰਗ ਦੌਰਾਨ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਮਾਨਸਾ ਦੇ ਇਕ ਵੱਡੇ ਪ੍ਰਾਈਵੇਟ ਸਕੂਲ ਵਿਖੇ 22 ਤੋਂ 24 ਅਕਤੂਬਰ ਤੱਕ ਲਗਾਈ ਜਾ ਰਹੀ ਸਾਇੰਸ ਪ੍ਰਦਰਸ਼ਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਬੇਸ਼ੱਕ ਸਿੱਖਿਆ ਅਧਿਕਾਰੀ ਆਪਣਾ ਪੱਲਾ ਝਾੜ ਇਸ ਪ੍ਰਦਰਸ਼ਨੀ ਦੇ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਉਪਰ ਜ਼ਿੰਮੇਵਾਰੀ ਪਾ ਰਹੇ ਹਨ,ਪਰ ਜ਼ਿਲ੍ਹੇ ਦੀਆਂ ਇਕ ਦਰਜਨ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਕਿ ਜੇਕਰ ਸਕੂਲ ਆਫ਼ ਐਮੀਨੈੱਸ ਜਾਂ ਜ਼ਿਲ੍ਹੇ ਦਾ ਇਕ ਵੀ ਸਰਕਾਰੀ ਸਕੂਲ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਲਗਾਉਣ ਦੇ ਕਾਬਲ ਹੀ ਨਹੀਂ ਤਾਂ ਪੰਜਾਬ ਸਰਕਾਰ ਕਿਹੜੇ ਆਧੁਨਿਕ ਸਿੱਖਿਆ ਦੇ ਦਾਅਵੇ ਵਾਅਦੇ ਕਰ ਰਹੀ ਹੈ।
ਜ਼ਿਲ੍ਹੇ ਦੀਆਂ ਇਕ ਦਰਜਨ ਅਧਿਆਪਕ ਜਥੇਬੰਦੀਆਂ ਦੀ ਬਾਲ ਭਵਨ ਮਾਨਸਾ ਵਿਖੇ ਹੋਈ ਮੀਟਿੰਗ ਦੌਰਾਨ ਇਸ ਗੱਲ ‘ਤੇ ਸਖ਼ਤ ਰੋਸ ਜ਼ਾਹਿਰ ਕੀਤਾ ਗਿਆ ਕਿ ਸਿੱਖਿਆ ਅਧਿਕਾਰੀ ਸਕੂਲ ਆਫ਼ ਐੱਮੀਨੈੱਸ ਵਰਗੇ ਸਕੂਲਾਂ ਨੂੰ ਅਣਗੌਲਿਆਂ ਕਰਕੇ ਪ੍ਰਾਈਵੇਟ ਸਕੂਲਾਂ ਦਾ ਸਹਾਰਾ ਲੈ ਰਹੇ ਹਨ, ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਕੂਲ ਆਫ਼ ਐੱਮੀਨੈੱਸ ਜਾਂ ਹੋਰ ਸਰਕਾਰੀ ਸਕੂਲ ਸਾਇੰਸ ਪ੍ਰਦਰਸ਼ਨੀਆਂ, ਸੈਮੀਨਾਰ ਜਾਂ ਸਿੱਖਿਆ ਸੰਬੰਧੀ ਹੋਰ ਪ੍ਰੋਗਰਾਮਾਂ ਦੇ ਕਾਬਲ ਹੀ ਨਹੀਂ ਤਾਂ ਕਿਉਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਦਾ ਸਿੱਖਿਆ ਮਾਡਲ ਨੰਬਰ ਵਨ ਹੈ, ਜੇਕਰ ਸਾਰੀਆਂ ਸਾਹੂਲਤਾਂ ਹਨ ਤਾਂ ਸਿੱਖਿਆ ਅਧਿਕਾਰੀ ਕਿਉਂ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਸਰਗਰਮੀਆਂ ਕਰਕੇ ਉਨ੍ਹਾਂ ਨੂੰ ਪ੍ਰਮੋਟ ਕਰ ਰਹੇ ਹਨ, ਜੇਕਰ ਇਸ ਸਬੰਧੀ ਕੋਈ ਗਰਾਟਾਂ ਨਹੀਂ ਆ ਰਹੀਆਂ ਤਾਂ ਕਿਉਂ ਨਹੀਂ ਆ ਰਹੀਆਂ, ਜੇਕਰ ਆ ਰਹੀਆਂ ਨੇ, ਤਾਂ ਸਕੂਲ ਆਫ਼ ਐਮੀਨੈੱਸ ਅਤੇ ਹੋਰ ਆਧੁਨਿਕ ਸਾਹੂਲਤਾਂ ਨਾਲ ਲੈੱਸ ਸਕੂਲਾਂ ਨੂੰ ਕਿਉਂ ਅਣਗੋਲਿਆਂ ਕੀਤਾ ਜਾ ਰਿਹਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ,ਗੁਰਦਾਸ ਸਿੰਘ ਰਾਏਪੁਰ, ਬੀ-ਐੱਡ ਫ਼ਰੰਟ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਦਰਸ਼ਨ ਅਲੀਸ਼ੇਰ,ਆਗੂ ਅਧਿਆਪਕ ਦਲ ਦੇ ਸੂਬਾਈ ਬੁਲਾਰੇ ਰਾਜਦੀਪ ਸਿੰਘ ਬਰੇਟਾ, ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਵਾਲੀ, ਨਿਰਮਲ ਸੈਦੇਵਾਲਾ,ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਰਾਜਵਿੰਦਰ ਸਿੰਘ, ਪਰਮਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੇਸ਼ੱਕ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਗੈਰ ਵਿੱਦਿਅਕ ਕੰਮਾਂ ਦੇ ਬਾਵਜੂਦ ਬਹੁਤ ਮਿਹਨਤ ਕਰ ਰਹੇ ਹਨ,ਪਰ ਜ਼ਿਲ੍ਹਾ ਅਧਿਕਾਰੀਆਂ ਜਾਣਬੁੱਝ ਕੇ ਉਨ੍ਹਾਂ ਦੇ ਸਕੂਲਾਂ ਨੂੰ ਅਣਗੌਲਿਆਂ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫਤੇ ਤੋਂ ਮਾਨਸਾ ਜ਼ਿਲ੍ਹੇ ਦੇ ਸੇਂਟ ਜੇਵੀਅਰ ਸਕੂਲ ਜਿਥੇ ਕਿ ਸਾਇੰਸ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ,ਉਸ ਸਕੂਲ ਨੂੰ ਵੱਡੇ ਪੱਧਰ ‘ਤੇ ਉਭਾਰਿਆ ਜਾ ਰਿਹਾ ਹੈ। ਆਗੂਆਂ ਨੇ ਉਹ ਭਲਕੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਮਿਲ ਕੇ ਇਹ ਮਸਲੇ ਸਬੰਧੀ ਆਪਣਾ ਰੋਸ ਜ਼ਾਹਿਰ ਕਰਨਗੇ।
ਉਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਕਰਵਾਇਆ ਜਾ ਰਿਹਾ ਹੈ,ਪਰ ਕਿਉਂਕਿ ਇਸ ਸਾਇੰਸ ਪ੍ਰਦਰਸ਼ਨੀ ਚ ਵੱਡੀ ਗਿਣਤੀ ਵਿਚ ਵਿਦਿਆਰਥੀ ਭਾਗ ਲੈ ਰਹੇ ਹਨ,ਜਿਸ ਦੇ ਮੱਦੇਨਜਰ ਟ੍ਰੈਫਿਕ ਅਤੇ ਹੋਰ ਸਮੱਸਿਆਵਾਂ ਨੂੰ ਲੈ ਇਸ ਸਕੂਲ ਦੀ ਚੋਣ ਕੀਤੀ ਗਈ ਹੈ।