ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਜ਼ਿਲ੍ਹੇ ਸਮੇਤ ਪੰਜਾਬ ਦੇ ਹਜ਼ਾਰਾਂ ਅਧਿਆਪਕ ਫਰਵਰੀ ਦੀਆਂ ਤਨਖਾਹਾਂ ਤੋਂ ਵਾਂਝੇ
22 ਮਾਰਚ (ਰਵਿੰਦਰ ਸਿੰਘ ਖਿਆਲਾ) ਮਾਨਸਾ: “ਦੂਜੀਆਂ ਸਰਕਾਰਾਂ ਦੇ ਵਿੱਤ ਮੰਤਰੀਆਂ ਨੂੰ ਖਾਲੀ ਪੀਪਾ ਮੰਤਰੀ ਦਾ ਲਕਬ ਦੇਣ ਵਾਲੇ ਅਤੇ ‘ਆਪ’ ਦੀ ਸਰਕਾਰ ਦੇ ਸਮੇਂ ਖਜਾਨਾ ਭਰਿਆ ਹੋਣ ਦੇ ਦਾਅਵੇ ਕਰਨ ਵਾਲੇ ਪੰਜਾਬ ਦੇ ਮੌਜੂਦਾ ਮੁੱਖ-ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ਦੀ ਇਸ ਵਾਰ ਪੂਰੀ ਤਰ੍ਹਾਂ ਫੂਕ ਨਿੱਕਲ ਗਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਵਿੱਤੀ ਮੰਦਹਾਲੀ ਦਾ ਹਵਾਲਾ ਦੇ ਕੇ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਦੇਣ ਲਈ ਥੁੜਦਾ ਬਜਟ ਜਾਰੀ ਕਰਨ ‘ਤੇ ਅਤੇ ਇੱਥੋਂ ਤੱਕ ਕਿ ਪਿਆ ਬਜਟ ਖਰਚ ਕਰਨ ‘ਤੇ ਪਾਬੰਦੀ ਲਾ ਰੱਖੀ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਅਨੂਪਗੜ ਨੇ ਕੀਤਾ। ਉਹਨਾਂ ਕਿਹਾ ਕਿ ਸਿੱਖਿਆ ਨੂੰ ਆਪਣੀ ਪਹਿਲ ਦੱਸਣ ਵਾਲੀ ਸਰਕਾਰ ਦਾ ਅਧਿਆਪਕਾਂ ਨੂੰ ਮਾਰਚ ਦੇ 22 ਦਿਨ ਲੰਘਣ ‘ਤੇ ਵੀ ਫਰਵਰੀ ਦੀ ਤਨਖਾਹ ਨਾ ਦੇਣਾ ਸ਼ਰਮਨਾਕ ਹੈ। ਤਨਖਾਹ ਤੋਂ ਵਾਂਝੇ ਅਧਿਆਪਕਾਂ ਵਿੱਚ ਬਹੁਗਿਣਤੀ ਅਧਿਆਪਕ ਪ੍ਰਾਇਮਰੀ ਕੇਡਰ ਨਾਲ ਸਬੰਧ ਰਖਦੇ ਹਨ। ਸਵਾਲ ਹੈ ਕਿ ਵਿੱਤੀ ਮੁਸ਼ਕਲਾਂ ਦੇ ਝੰਬੇ ਅਧਿਆਪਕ ਕਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਣ ਵਿੱਚ ਇਨਸਾਫ ਕਰ ਪਾਉਣਗੇ? ਜਥੇਬੰਦੀ ਦੇ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਬੈਹਣੀਵਾਲ ਅਤੇ ਨਵਜੋਸ਼ ਸਪੋਲੀਆ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਅਧਿਆਪਕ ਵੀ ਤਨਖਾਹ ਤੋਂ ਸੱਖਣੇ ਹਨ। ਆਪਣੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਲਈ ਅਧਿਆਪਕ ਪੈਸੇ ਉਧਾਰ ਮੰਗਣ ਨੂੰ ਮਜ਼ਬੂਰ ਹੋਏ ਪਏ ਹਨ। ਜਥੇਬੰਦੀ ਦੇ ਆਗੂਆਂ ਗੁਰਪ੍ਰੀਤ ਭੀਖੀ, ਗੁਰਬਚਨ ਹੀਰੇਵਾਲਾ, ਕੁਲਵਿੰਦਰ ਜੋਗਾ ਨੇ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ (ਐ.ਸਿੱ.) ਦੇ ਦਫ਼ਤਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਮੱਸਿਆ ਵਿੱਤ ਵਿਭਾਗ ਵੱਲੋਂ ਹੱਲ ਕੀਤੀ ਜਾਣੀ ਹੈ।ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਪਾਲ ਆਗੂਆਂ ਨੇ ਕਿਹਾ ਕਿ ਜਥੇਬੰਦੀ ਇਸ ਮਸਲੇ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਸ ਮੁਜਾਹਰੇ ਕਰ ਚੁੱਕੀ ਹੈ ਪ੍ਰੰਤੂ ਪੰਜਾਬ ਸਰਕਾਰ ਦੇ ਕੰਨ ‘ਤੇ ਜੂੰਅ ਨਹੀਂ ਸਰਕੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਰਕਾਰ ਨੂੰ ਅਧਿਆਪਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲਾਗਾ-ਦੇਗਾ ਹੀ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਲਦੀ ਇਸ ਸਮੱਸਿਆ ਦਾ ਹੱਲ ਨਹੀਂ ਕਰਦੀ ਤਾਂ ਜਥੇਬੰਦੀ ਵੱਡੇ ਪੱਧਰ ‘ਤੇ ਜਥੇਬੰਦਕ ਐਕਸ਼ਨ ਕਰੇਗੀ।ਇਸ ਮੌਕੇ ਚਰਨਪਾਲ ਸਿੰਘ, ਅਮ੍ਰਿਤਪਾਲ ਖ਼ੈਰਾ, ਜਸਵਿੰਦਰ ਹਾਕਮਵਾਲਾ, ਜਗਦੇਵ ਬੋੜਾਵਾਲ, ਸੁਖਚੈਨ ਸੇਖੋਂ, ਕੁਲਦੀਪ ਅੱਕਾਵਾਲੀ, ਕੁਲਵਿੰਦਰ ਪੀ ਟੀ ਆਈ, ਅਮਨਦੀਪ ਕੌਰ, ਬੇਅੰਤ ਕੌਰ, ਰੇਨੂੰ ਬਾਲਾ, ਅਮਰਪ੍ਰੀਤ ਕੌਰ, ਮਨਵੀਰ ਕੌਰ ਆਦਿ ਆਗੂ ਹਾਜ਼ਰ ਸਨ |