–ਸਰਕਾਰੀ ਹਾਈ ਸਕੂਲ ਜੰਗੀਆਣਾ ‘ਚ ਕਰਵਾਈ ਗਈ ਸਾਈਕਲ ਰੈਲੀ
09 ਮਈ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਧੀਨ ਰਿਟਰਨਿੰਗ ਅਫ਼ਸਰ ਬਰਨਾਲਾ ਕਮ ਐੱਸ.ਡੀ.ਐੱਮ ਬਰਨਾਲਾ ਸ੍ਰੀ ਵਰਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਆ ਗਿਆ।
ਵਿਨਸੀ ਜਿੰਦਲ ਸਵੀਪ ਨੋਡਲ ਅਫ਼ਸਰ ਬਰਨਾਲਾ 103 ਅਤੇ ਸਵੀਪ ਟੀਮ ਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ , ਸਵੀਪ ਇੰਚਾਰਜਾਂ ਦੀ ਮਦਦ ਨਾਲ ਲੋਕਾਂ ਨੂੰ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ, ਧਨੌਲਾ ਲੜਕੇ ਅਤੇ ਲੜਕੀਆਂ ਸਕੂਲ, ਕੱਟੂ ,ਹਾਈ ਸਕੂਲ ਨੰਗਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਘਰ – ਘਰ , ਦੁਕਾਨ – ਦੁਕਾਨ ਜਾ ਕੇ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਆਪਣੀ ਆਪਣੀ ਵੋਟ ਦੇ ਸਹੀ ਇਸਤਮਾਲ ਕਰਨ ਹਿੱਤ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਆਪਣੀ ਵੋਟ ਦਾ ਇਸਤਮਾਲ ਕਰਨ ਲਈ ਅਪੀਲ ਵੀ ਕੀਤੀ। ਪੰਕਜ ਗੋਇਲ ਸਹਾਇਕ ਨੋਡਲ ਅਫ਼ਸਰ ਨੇ ਲੜਕੀਆਂ ਅਤੇ ਇਸਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕਤੰਤਰ ਦੀ ਸਫਲਤਾ ਲਈ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਯੋਗਦਾਨ ਪਾਉਣ।
ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਜੰਗੀਆਣਾ ਵਿਖੇ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।