—-ਵੈਸਾਖ,ਵਿਸਾਖੀ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਦੂਜਾ ਮਹੀਨਾ ਹੈ | ਇਹ ਗ੍ਰੇਸਰੀ ਅਤੇ ਜੂਲੀਅਨ ਕੈਲੈੰਡਰਾਂ ਦੇ ਅਪ੍ਰੈਲ ਅਤੇ ਮਈ ਦੇ ਮਹੀਨੇ ਦੇ ਵਿਚਾਲੇ ਆਉਂਦਾ ਹੈ | ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ | ਪੰਜਾਬ ਵਿੱਚ ਬਹੁਤ ਮਹੱਤਵਪੂਰਨ ਤੇ ਵੱਡਾ ਤਿਉਹਾਰ ਹੈ | ਇਸ ਸਮੇਂ ਪੰਜਾਬ ਤੇ ਹਰਿਆਣਾ ਵਿੱਚ ਹਾੜੀ ਫਸਲ ਕੱਟਣ ਦਾ ਸਮਾਂ ਸ਼ੁਰੂ ਹੁੰਦਾ ਹੈ | ਇੱਕ ਵਿਸਾਖ ਨੂੰ ਵਿਸਾਖੀ ਹੁੰਦੀ ਹੈ | ਵੈਦਿਕ ਕਾਲ ਵਿੱਚ ਵਿਸਾਖੀ ਵਾਲੇ ਦਿਨ ਨੂੰ ਖਲਜਗਣ ਕਿਹਾ ਜਾਂਦਾ ਸੀ | ਖਲ ਦਾ ਅਰਥ ਖੇਤ ਖਾਲਿਹਾਨ, ਜਗਣ (ਯਜਨ ) ਮਾਅਨੇ ਯੱਗ | ਉਹ ਯੱਗ ਜਿਹੜਾ ਪੁਜਾਰੀ ਨਵੀਂ ਫਸਲ ਆਉਣ ਦੀ ਖੁਸ਼ੀ ਵਿੱਚ ਕਿਸਾਨ ਦੇ ਖਰਚੇ ਨਾਲ ਕਰਿਆ ਕਰਦਾ ਸੀ | ਮਹੀਨਾ- ਮਹੀਨਾ ਲੰਗਰ ਪ੍ਰਸ਼ਾਦ ਚਲਦੇ ਸਨ | ਸੂਰਜ ਵਰ੍ਹੇ ਨਾਲ ਸੰਬੰਧਿਤ ਤਿਉਹਾਰ ਵਿਸਾਖੀ ਬਹੁਤ ਹੀ ਮਹੱਤਵ ਰੱਖਦਾ ਹੈ | ਇਸ ਨੂੰ ਨਵੇਂ ਵਰ੍ਹੇ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ | ਵਿਸਾਖ ਵਿਕਰਮੀ ਸੰਮਤ ਦਾ ਪਹਿਲਾ ਮਹੀਨਾ ਹੈ | ਜਦੋਂ ਸੂਰਜ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ | ਵਿਸਾਖ ਦਾ ਪੁਰਾਣਾ ਨਾਮ ਮਾਧਵ ਸੀ | ਪੁਰਾਤਨ ਸਮੇਂ ਤੋਂ ਹੀ ਵਿਸਾਖੀ ਵਾਲੇ ਦਿਨ ਇਸ਼ਨਾਨ ਕਰਨ ਦਾ ਬੜਾ ਮਹੱਤਵ ਸੀ | ਇਸ ਦਿਨ ਸੂਰਜ ਉਤਰਾਯਣ ਵਿੱਚ ਚਲਾ ਜਾਂਦਾ ਹੈ | ਜਿਸ ਕਰਕੇ ਪਦਾਰਥਾਂ ਸਮੇਤ ਸਰੀਰ ਦੇ ਰਸ ਚੁਸਣ ਲੱਗਦਾ ਹੈ | ਇਸ਼ਨਾਨ ਕਰਨ ਨਾਲ ਅਗਨੀ ਅਤੇ ਜਲ ਤੱਤ ਦਾ ਸੰਤੁਲਨ ਠੀਕ ਰਹਿੰਦਾ ਹੈ | ਨਦੀ ਵਿੱਚ, ਨਦੀ ਰੂਪ ਤੀਰਥ ਵਿੱਚ, ਕਿਸੇ ਨਾਦ ਵਿੱਚ, ਝਰਨੇ ਵਿੱਚ, ਆਪ ਮੁਹਾਰੇ ਫੁੱਟੇ ਹੋਏ ਕਿਸੇ ਚਸਮੇ ਵਿੱਚ, ਟੋਭੇ ਵਿੱਚ, ਖੂਹ ਆਦਿ ਉੱਤੇ ਜਾ ਕੇ ਨਿਯਮਾਂਪੂਰਵਕ ਇਸ਼ਨਾਨ ਕਰਨਾ ਚਾਹੀਦਾ ਹੈ | ਨਦੀਆਂ ਤਲਾਬਾਂ ਦਰਿਆਵਾਂ ਵਿੱਚ ਇਸ਼ਨਾਨ ਕਰਨ ਦੀ ਸ਼ਰਧਾ ਨੇ ਤੀਰਥ ਅਸਥਾਨਾਂ ਨੂੰ ਜਨਮ ਦਿੱਤਾ ਅਤੇ ਹੌਲੀ ਹੌਲੀ ਵਿਸਾਖੀ ਦਾ ਤਿਉਹਾਰ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਮੇਲੇ ਦਾ ਰੂਪ ਧਾਰਨ ਕਰਨ ਲੱਗਾ | ਪ੍ਰਾਚੀਨ ਸਮੇਂ ਵਿੱਚ ਧਾਰਮਿਕ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਦਿਨ ਵਿਆਸ ਰਿਸ਼ੀ ਨੇ ਬ੍ਰਹਮਾ ਵੱਲੋਂ ਰਚੇ ਚਾਰ ਵੇਦਾਂ ਦਾ ਪਹਿਲੀ ਵਾਰ ਪਾਠ ਕੀਤਾ ਸੀ ਅਤੇ ਮਹਾਨ ਰਿਸ਼ੀ ਅਵਧੂਤ ਅਸ਼ਟਵਕਰ ਤੋਂ ਗਿਆਨ ਪ੍ਰਾਪਤ ਕੀਤਾ ਸੀ|
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਇਸ ਮਹੀਨੇ ਜਾਂ ਇਸ ਦਿਨ ਨਾਲ ਬਹੁਤ ਗੂੜਾ ਸਬੰਧ ਰਿਹਾ ਹੈ | ਪੰਜਾਬ ਵਿੱਚ ਕਈ ਧਾਰਮਿਕ ਪਰੰਪਰਾਵਾਂ ਜੁੜੀਆਂ ਹੋਈਆਂ ਹਨ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਤਲਵੰਡੀ ਸਾਬੋ ਕਰਤਾਰਪੁਰ (ਜਲੰਧਰ ),ਸ੍ਰੀ ਅਨੰਦਪੁਰ ਸਾਹਿਬ ਅਤੇ ਅਨੇਕਾਂ ਧਾਰਮਿਕ ਅਸਥਾਨਾਂ ਤੇ ਮੇਲੇ ਲੱਗਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਬਣਾਉਣ ਦੀ ਪਰੰਪਰਾ ਪ੍ਰਚਲਤ ਹੈ ਭਾਵੇਂ ਕਿ ਪੁਰਾਤਨ ਜਨਮ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 15 ਅਪ੍ਰੈਲ 1469 ( ਵਿਸਾਖ ਸੁਦੀ 3, ਸੰਮਤ 1526) ਨੂੰ ਅਵਤਾਰ ਧਾਰਿਆ | ਜਲੰਧਰ ਵਿੱਚ ਇਹ ਵਸੋਏ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ | ਭਾਈ ਗੁਰਦਾਸ ਜੀ ਨੇ ਵੀ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਘਰ -ਘਰ ਅਧਿਆਤਮਕ ਮਾਹੌਲ ਪੈਦਾ ਹੋ ਜਾਣ ਵੱਲ ਸੰਕੇਤ ਕੀਤਾ ਹੈ |
ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਇਸ ਦਿਨ ਲਈ ਸੰਗਤਾਂ ਨੂੰ ਕਿਹਾ ਕਿ ਵਿਸਾਖੀ ਤੇ ਗੁਰੂ ਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਕਰਨ | ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਵੰਤੇ ਸਰਦਾਰਾਂ ਅਤੇ ਫੌਜ ਵੱਲੋਂ ਇੱਕ ਬੇਨਤੀ ਕੀਤੀ ਗਈ ਕਿ ਲਾਹੌਰ ਵਿੱਚ ਇੱਕ ਵੱਡਾ ਦਰਬਾਰ ਕੀਤਾ ਜਾਵੇ ਅਤੇ ਆਪ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਵੇ, ਇਸ ਨੂੰ ਪ੍ਰਵਾਨ ਕਰੋ | ਸ਼ੇਰੇ ਪੰਜਾਬ ਪਹਿਲਾ ਪਹਿਲ ਇਸ ਪ੍ਰਵਾਣਗੀ ਲਈ ਚਾਹਵਾਨ ਨਹੀਂ ਸੀ ਪਰ ਮੁੜ ਸਮੂਹ ਸਰਦਾਰਾਂ,ਸੰਗਤਾਂ ਤੇ ਫੌਜਾਂ ਦੁਆਰਾ ਬੇਨਤੀ ਕਰਨ ਤੇ ਵਿਸਾਖੀ ਦਾ ਦਿਨ ਯੋਗ ਸਮਝ ਕੇ ਇਸ ਕਾਰਜ ਲਈ ਨੀਯਤ ਕੀਤਾ ਗਿਆ | ਵਿਸਾਖੀ ਦੇ ਦਿਨ ਸੁਭ ਸਮਝ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ
ਰਾਜ ਤਿਲਕ ਦੀ ਰਸਮ ਵੀ 12 ਅਪ੍ਰੈਲ 1801 ਈ. ਨੂੰ ਐਤਵਾਰ ਵਾਲੇ ਦਿਨ ਅਦਾ ਕੀਤੀ ਗਈ | ਪੰਜਾਬ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ | ਇਹ ਖੇਤੀ ਪ੍ਰਧਾਨ ਸੂਬਾ ਰਿਹਾ ਹੈ | ਕਣਕ ਜਿਸ ਨੂੰ ਸੋਨਾ ਕਿਹਾ ਜਾਂਦਾ ਰਿਹਾ ਹੈ | ਪੰਜਾਬ ਦੀ ਮਹੱਤਵਪੂਰਨ ਫਸਲ ਹੈ ਇਸ ਸਮੇਂ ਇਹ ਫਸਲ ਪੱਕ ਜਾਂਦੀ ਹੈ ਤੇ ਕਿਸਾਨ ਹਾੜੀ ਦੀ ਇਸ ਫਸਲ ਨੂੰ ਵੇਖ ਅਤੇ ਇਸ ਫਸਲ ਨੂੰ ਘਰ ਪਹੁੰਚਣ ਲਈ ਇਸੇ ਮਹੀਨੇ ਤੋਂ ਹੀ ਵਾਡੀ ਸ਼ੁਰੂ ਕਰਦੇ ਹਨ। ਵਿਸਾਖੀ ਨਾਲ ਕਈ ਮਹੱਤਵਪੂਰਨ ਘਟਨਾਵਾਂ ਸਬੰਧਤ ਹਨ ਉਤੇ ਜਲਿਆਵਾਲਾ ਬਾਗ ਦੀ ਅਨਮਨੁੱਖੀ ਤੇ ਦੁਖਦਾਈ ਘਟਨਾਵਾਂ ਵੀ ਜੁੜੀਆਂ ਹਨ | 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਜਨਰਲ ਡਾਇਰ ਦੁਆਰਾ ਚਾਰੇ ਪਾਸੇ ਘਿਰੇ ਹੋਏ ਨਿਹੱਥੇ ਲੋਕਾਂ ਤੇ ਜਿਨਾਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਸਨ ਉਹਨਾਂ ਉੱਤੇ ਗੋਲੀਆਂ ਚਲਾ ਕੇ ਤਕਰੀਬਨ 20 ਹਜਾਰ ਲੋਕਾਂ ਨੂੰ ਮਾਰ ਦਿੱਤਾ | ਅੱਜ ਵੀ ਜਲਿਆਵਾਲਾ ਬਾਗ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ | ਇਸ ਹਮਲੇ ਦਾ ਮੁੱਖ ਕਾਰਨ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ ਦੇ ਲੋਕਾਂ ਨੂੰ ਡਰਾਉਣਾ,ਧਮਕਾਉਣਾ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਸੀ | ਵਿਸਾਖੀ ਦੇ ਦਿਨ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਮੇਲਾ ਲੱਗਦਾ ਹੋਣਾ ਜਾਂ ਵਿਸਾਖੀ ਤੇ ਇਕੱਠ ਕਰਨ ਲਈ ਯਤਨ ਕੀਤੇ ਹੋਣਗੇ |1699 ਦੇ ਉਸ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵੇਕਲੇ ਢੰਗ ਨਾਲ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਇਹ ਪੰਜਾਬ ਹੀ ਨਹੀਂ ਸਗੋਂ ਭਾਰਤ ਅਤੇ ਸੰਸਾਰ ਦੇ ਇਤਿਹਾਸ ਦੀ ਅਮਰ ਘਟਨਾ ਬਣ ਗਈ | ਸ੍ਰੀ ਕੇਸਗੜ੍ਹ ਦੇ ਇਸ ਅਸਥਾਨ ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਆਪ ਵੀ ਉਹਨਾਂ ਕੋਲੋਂ ਅੰਮ੍ਰਿਤ ਛਕਿਆ | ਇਸ ਲਈ ਇਹ ਦਿਨ ਖਾਲਸਾ ਪੰਥ ਦੀ ਸਾਜਨਾ ਵਜੋਂ ਮਨਾਇਆ ਜਾਂਦਾ ਹੈ | ਇਸ ਤੋਂ ਮਗਰੋਂ ਹੁਣ ਤੱਕ ਵਿਸਾਖੀ ਵਾਲੇ ਦਿਨ ਖਾਲਸਾਈ ਇਕੱਠ ਕਰਨ ਦੀ ਪਰੰਪਰਾ ਚਲਦੀ ਰਹੀ ਹੈ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਸ ਤੌਰ ਤੇ ਖਾਲਸਾਈ ਵਿਚਾਰਾਂ ਹੁੰਦੀਆਂ ਅਤੇ ਕਈ ਗੁਰਮਤੇ ਪਾਸ ਕੀਤੇ ਜਾਂਦੇ ਹਨ | ਦੀਵਾਨ ਲੱਗਦੇ ਹਨ ਢਾਡੀ ਸਿੰਘ ਯੋਧਿਆਂ ਦੀਆਂ ਬਾਰਾਂ ਗਾਉਂਦੇ ਹਨ |
ਕਿਹਾ ਜਾ ਸਕਦਾ ਹੈ ਕਿ ਵਿਸਾਖ ਦਾ ਮਹੀਨਾ ਜਾਂ ਵਿਸਾਖੀ ਵਾਲਾ ਦਿਨ ਪੰਜਾਬ ਤੇ ਹਰ ਪੰਜਾਬੀ ਲਈ ਬੜਾ ਰੂਹ ਨਾਲ ਜੁੜਿਆ ਹੋਇਆ ਹੈ | ਇਹ ਦਿਨ ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਪੱਖੋਂ ਮਹੱਤਵਪੂਰਨ ਹੈ | ਇਸ ਦਿਨ ਮਹੀਨੇ ਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਧਾ ਨਾਲ ਇਸ ਨੂੰ ਮਨਾਉਣਾ ਚਾਹੀਦਾ ਹੈ|
ਸੰਦੀਪ ਕੁਮਾਰ ( ਹਿੰਦੀ ਅਧਿਆਪਕ )
9464310900
ਵੈਸਾਖ ਵਿਸਾਖੀ ਤੇ ਪੰਜਾਬ
Leave a comment