–15 ਜਨਵਰੀ ਨੂੰ ਮਾਲ ਵਿਭਾਗ ਵੱਲੋਂ ਮੁੜ ਲਗਾਏ ਜਾਣਗੇ ਵਿਸ਼ੇਸ਼ ਕੈਂਪ
8 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪਾਂ ਤਹਿਤ ਇੱਕੋ ਦਿਨ ਵਿੱਚ 567 ਇੰਤਕਾਲ ਕੇਸਾਂ ਦਾ ਨਿਪਟਾਰਾ ਕੀਤਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਸਦਕਾ ਕੈਂਪਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਇੰਤਕਾਲਾਂ ਸਬੰਧੀ ਪ੍ਰਾਪਤ ਕੁੱਲ 567 ਕੇਸਾਂ ਚੋਂ ਸਾਰਿਆਂ ਦਾ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਵੱਲੋਂ ਤਹਿਸੀਲ ਮਹਿਲ ਕਲਾਂ ਵਿਖੇ 68 ਕੇਸ, ਤਹਿਸੀਲ ਵਿਖੇ ਬਰਨਾਲਾ ਵਿਖੇ 210 ਕੇਸ, ਤਹਿਸੀਲ ਤਪਾ ਵਿਖੇ 61 ਕੇਸ, ਸਬ ਤਹਿਸੀਲ ਧਨੌਲਾ ਵਿਖੇ 92 ਕੇਸ ਅਤੇ ਸਬ ਤਹਿਸੀਲ ਭਦੌੜ ਵਿਖੇ 136 ਇੰਤਕਾਲ ਕੇਸ ਪ੍ਰਾਪਤ ਹੋਏ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ।
ਉਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਿਕ 15 ਜਨਵਰੀ ਨੂੰ ਦੁਬਾਰਾ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਇੰਤਕਾਲਾਂ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਸਕੇ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਰਨਾਲਾ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ 15 ਜਨਵਰੀ ਨੂੰ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਆਪਣੇ ਲੰਬਿਤ ਇੰਤਕਾਲਾਂ ਨੂੰ ਦਰਜ ਕਰਵਾਉਣ ਲਈ ਆ ਸਕਦੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਉੱਪ ਮੰਡਲ ਮੈਜਿਸਟਰੇਟ ਨੂੰ ਵੀ ਹਦਾਇਤ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦੇ ਆਯੋਜਨ ਸਬੰਧੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਚਾਰ ਕਰਨ ਅਤੇ 15 ਜਨਵਰੀ ਨੂੰ ਲੱਗਣ ਵਾਲੇ ਕੈਂਪਾਂ ਦੌਰਾਨ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਨੂੰ ਕੈਂਪਾਂ ਵਿੱਚ ਹਾਜ਼ਰੀ ਨੂੰ ਯਕੀਨੀ ਬਣਾਉਣ।