30 ਅਗਸਤ (ਰਵਿੰਦਰ ਸਿੰਘ ਖਿਆਲਾ) ਮਾਨਸਾ: ਅਧਿਆਪਕ ਵਿਰੋਧੀ ਨੀਤੀਆਂ ਅਤੇ ਫੈਸਲਿਆਂ ਕਾਰਨ ਹਰ ਰੋਜ਼ ਵਿਵਾਦਾਂ ਵਿੱਚ ਘਿਰੀ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵੱਲੋਂ ਨਵੇਂ ਕਾਰਨਾਮੇ ਨੂੰ ਅੰਜ਼ਾਮ ਦਿੰਦਿਆਂ ਵਿਭਾਗ ਵਿੱਚ ਆਮ ਬਦਲੀਆਂ ਕਰਨ ਸਮੇਂ ਬਹੁਤ ਸਾਰੇ ਖ਼ਾਲੀ ਸਟੇਸ਼ਨ ਵਿਭਾਗ ਦੀ ਵੈਬਸਾਈਟ ਤੇ ਪਾਏ ਗਏ। ਪ੍ਰੰਤੂ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਆਨ ਲਾਈਨ ਅਪਲਾਈ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਬਦਲੀ ਦਰਸਾਏ ਅਤੇ ਮਨਪਸੰਦ ਸਟੇਸ਼ਨਾਂ ਤੇ ਨਹੀਂ ਹੋ ਸਕੀ। ਇਸ ਤੋਂ ਬਿਨਾਂ ਰਾਜ ਭਰ ਵਿੱਚ ਹਾਈ ਸਕੂਲਾਂ ਵਿੱਚ ਵੱਖਰੇ -ਵੱਖਰੇ ਵਿਸ਼ਿਆਂ ਦੀਆਂ ਅਨੇਕਾਂ ਅਸਾਮੀਆਂ ਖਾਲੀ ਦਿਖਾਈਆਂ ਗਈਆਂ ਸਨ ,ਜਿਹੜੀਆਂ ਹੁਣ ਲੁਕਾ ਲਈਆਂ ਗਈਆਂ ਹਨ।|ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਪੰਜਾਬ ਸਰਕਾਰ ਦੀ ਤਬਾਦਲਾ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਦੀ ਸਿੱਖਿਆ ਨੀਤੀ ਬੁਰੀ ਤਰ੍ਹਾਂ ਲੜਖੜਾ ਚੁੱਕੀ ਹੈ। ਤਬਾਦਲਾ ਨੀਤੀ ਵਿੱਚ ਸਿਆਸੀ ਦਖਲਅੰਦਾਜ਼ੀ ਦੀ ਘੁੱਸਪੈਠ ਹੋ ਰਹੀ ਹੈ। 2392 ਮਾਸਟਰ ਕਾਡਰ ਅਧਿਆਪਕਾਂ ਦਾ ਪਰਖ ਕਾਲ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਤਬਾਦਲਾ ਨੀਤੀ ਵਿੱਚ ਵਿਚਾਰਿਆ ਨਹੀਂ ਗਿਆ। ਵਿਭਾਗੀ ਅਣਗਹਿਲੀ ਇਥੋਂ ਤੱਕ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਡੀ,ਪੀ,ਈ, ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਖਾਲੀ ਹੋਣ ਦੇ ਬਾਵਜੂਦ ਵੀ ਬਦਲੀਆਂ ਨਹੀਂ ਕੀਤੀਆਂ ਗਈਆਂ।ਉਨ੍ਹਾਂ ਕਿਹਾ ਵਿਭਾਗ ਦੀ ਅਫ਼ਸਰਸ਼ਾਹੀ ਵੱਲੋਂ ਦਮਗਜ਼ੇ ਤਾਂ ਵੱਡੇ ਵੱਡੇ ਮਾਰੇ ਜਾਂਦੇ ਹਨ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਡੀ ਟੀ ਐਫ਼ ਦੇ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਕਿਹਾ ਕਿ ਆਪਣੇ ਪਿੱਤਰੀ ਜ਼ਿਲਿਆਂ ਤੋਂ ਦੂਰ 200 ਤੋਂ 300 ਕਿਲੋਮੀਟਰ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਵਿਸ਼ੇਸ਼ ਤੌਰ ਤੇ ਔਰਤ ਅਧਿਆਪਕਾਂਵਾ, ਕੁਆਰੀਆਂ ਲੜਕੀਆਂ ਅਤੇ ਵਿਧਵਾਵਾਂ ਨੂੰ ਬਦਲੀਆਂ ਦੇ ਹੱਕ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਕੁਝ ਜ਼ਿਲਿਆਂ ਵਿਚ ਸਕੂਲਾਂ ਤੋਂ ਪ੍ਰਾਪਤ ਸੂਚਨਾਂ ਅਨੁਸਾਰ ਖਾਲੀ ਪੋਸਟਾਂ ਨੂੰ ਪੋਰਟਲ ਤੇ ਦਿਖਾਇਆ ਨਹੀਂ ਜਾ ਰਿਹਾ।ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਸੈਂਕੜੇ ਅਧਿਆਪਕਾਂ ਨੂੰ ਡਾਟਾ ਮਿਲਾਣ ਵਿੱਚ ਤਰੁਟੀਆਂ ਕਾਰਨ ਬਦਲੀਆਂ ਦੇ ਦਾਇਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਕਿਹਾ ਕਿ ਕੱਚੇ ਅਧਿਆਪਕ ਨੂੰ ਤਬਾਦਲਾ ਨੀਤੀ ਵਿੱਚ ਵਿਚਾਰਿਆ ਨਹੀਂ ਗਿਆ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਦਲੀ ਨੀਤੀ ਨੂੰ ਅਧਿਆਪਕ ਪੱਖੀ ਬਣਾਇਆ ਜਾਵੇ। ਘਰਾਂ ਤੋਂ ਦੂਰ ਬਾਹਰਲੇ ਜਿਲਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜਲੇ ਸਟੇਸ਼ਨਾਂ ਤੇ ਲਿਆਂਦਾ ਜਾਵੇ।ਇਸ ਮੌਕੇ ਨਵਜੋਸ਼ ਸਪੋਲੀਆ, ਗੁਰਦੀਪ ਬਰਨਾਲਾ , ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ,ਬਲਕਾਰ ਸਿੰਘ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਜਗਦੇਵ ਸਿੰਘ, ਮੱਘਰ ਸਿੰਘ, ਜਗਪਾਲ ਸਿੰਘ, ਅਮ੍ਰਿਤਪਾਲ ਸਿੰਘ, ਕੁਲਵਿੰਦਰ ਜੋਗਾ, ਅਮਨਦੀਪ ਕੌਰ, ਬੇਅੰਤ ਕੌਰ, ਰੇਨੂੰ ਬਾਲਾ, ਅਮਰਪ੍ਰੀਤ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਗੁਰਦੀਪ ਬੁਰਜਹਰੀ, ਨਛੱਤਰ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ |