*ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਦੇ ਜੁਝਾਰੂ ਵਿਰਸੇ ਨੂੰ ਸ਼ਾਨਦਾਰ ਝਾਕੀਆਂ ਰਾਹੀਂ ਪੂਰੇ ਸੂਬੇ ਵਿੱਚ ਵਿਖਾਉਣਾ ਸ਼ਲਾਘਾਯੋਗ ਕਦਮ-ਵਿਧਾਇਕ ਬੁੱਧ ਰਾਮ
ਮਾਨਸਾ, 06 ਫਰਵਰੀ (ਕਰਨ ਭੀਖੀ) ਬੁਢਲਾਡਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭੇਜੀਆਂ ਆਜ਼ਾਦੀ ਸੰਗਰਾਮ ਅਤੇ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਦੀਆਂ ਤਿੰਨ ਝਾਕੀਆਂ ਦਾ ਬੁਢਲਾਡਾ ਪਹੁੰਚਣ ’ਤੇ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀਆਂ ਦੇ ਜੁਝਾਰੂ ਵਿਰਸੇ ਨੂੰ ਸ਼ਾਨਦਾਰ ਝਾਕੀਆਂ ਰਾਹੀਂ ਪੂਰੇ ਸੂਬੇ ਵਿੱਚ ਵਿਖਾਉਣ ਦਾ ਕੀਤਾ ਗਿਆ ਉੱਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੀ ਝਾਕੀਆਂ ਨੂੰ ਕੇਂਦਰ ਵੱਲੋਂ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਈ ਜਾਣ ਵਾਲੀ ਪਰੇਡ ਵਿੱਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ ਗਿਆ ਸੀ ਅਤੇ ਹੁਣ ਸੂਬਾ ਵਾਸੀ ਹੀ ਇਨ੍ਹਾਂ ਦੇ ਸਹੀ ਜਾਂ ਗਲਤ ਹੋਣ ਦਾ ਫੈਸਲਾ ਕਰਨਗੇ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਨੇ ਵਧ ਚੜ੍ਹ ਕੇ ਹਿੱਸਾ ਪਾਇਆ ਹੈ ਅਤੇ ਸਾਨੂੰ ਸਾਡੀ ਦੇਸ਼ਭਗਤੀ ’ਤੇ ਪੂਰਾ ਮਾਣ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਹੋਰਨਾਂ ਅਣਗਿਣਤ ਸੂਰਬੀਰਾਂ ਨੇ ਚੜ੍ਹਦੀ ਜਵਾਨੀ ਵਿੱਚ ਆਪਣੀਆਂ ਜਿੰਦਾਂ ਦੇਸ਼ ਦੇ ਲੇਖੇ ਲਾਈਆਂ ਸਨ, ਜਿਸ ਸਦਕਾ ਅੱਜ ਪੂਰਾ ਦੇਸ਼ ਆਜ਼ਾਦ ਫਿਜ਼ਾ ’ਚ ਸਿਰ ਮਾਣ ਨਾਲ ਉੱਚਾ ਕਰਕੇ ਜੀਅ ਰਿਹਾ ਹੈ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਾਈ ਭਾਗੋ ਦੇ ਸਾਡੇ ਵਿਰਸੇ ਵਿੱਚ ਯੋਗਦਾਨ ਉੱਪਰ ਤਿਆਰ ਕੀਤੀ ਗਈ ਝਾਕੀ ਸਾਡੀਆਂ ਮਾਂਵਾਂ-ਭੈਣਾਂ ਦੇ ਅਣਖੀ ਸੁਭਾਅ ਨੂੰ ਸਲਾਮ ਕਰਦੀ ਪੇਸ਼ਕਾਰੀ ਹੈ। ਉਨ੍ਹਾਂ ਕਿਹਾ ਕਿ ਮਾਈ ਭਾਗੋ ਜੀ ਨੇ ਸਾਨੂੰ ਪੂਰੀ ਹਿੰਮਤ ਅਤੇ ਦਲੇਰੀ ਨਾਲ ਜ਼ੁਲਮ ਦਾ ਟਾਕਰਾ ਕਰਨ ਦਾ ਰਾਹ ਵਿਖਾਇਆ ਹੈ ਅਤੇ ਸਾਨੂੰ ਸਭ ਨੂੰ ਉਸ ਰਸਤੇ ’ਤੇ ਸੱਚੇ ਮਨ ਨਾਲ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਝਾਕੀਆਂ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਹੋਣ ਦੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਅਤੇ ਝਾਕੀਆਂ ਲੋਕਾਂ ਦੀ ਕਚਹਿਰੀ ਵਿੱਚ ਪੁੱਜਣ ਨਾਲ ਸੱਚ ਸਭ ਦੇ ਸਾਹਮਣੇ ਆ ਗਿਆ ਹੈ।
ਇਸ ਮੌਕੇ ਗਗਨਦੀਪ ਸਿੰਘ ਐਸ.ਡੀ.ਐਮ.ਬੁਢਲਾਡਾ, ਗੁਰਪ੍ਰੀਤ ਸਿੰਘ ਗਿੱਲ ਡੀ. ਐਸ .ਪੀ. ਬੁਢਲਾਡਾ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ, ਸਤੀਸ਼ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਭੁਪਿੰਦਰਜੀਤ ਸਿੰਘ ਐਸ.ਐਚ.ਓ. ਬੁਢਲਾਡਾ,ਗੁਰਦਰਸ਼ਨ ਸਿੰਘ ਪਟਵਾਰੀ, ਵੀਰ ਸਿੰਘ ਬੋੜਾਵਾਲ, ਜਗਦੀਪ ਸਿੰਘ ਬੋੜਾਵਾਲ, ਸ਼ੁਭਾਸ ਨਾਗਪਾਲ ਤੋਂ ਇਲਾਵਾ ਬੋੜਾਵਾਲ, ਗੁਰਨੇ ਕਲਾਂ, ਬਰੇਟਾ, ਬੁਢਲਾਡਾ, ਬੋਹਾ ਦੇ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।