19 ਮਾਰਚ (ਸੁਖਪਾਲ ਸਿੰਘ ਬੀਰ) ਬੁੱਢਲਾਡਾ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ 22 ਮਾਰਚ ਨੂੰ ਹੋ ਰਹੇ ਜ਼ਿਲ੍ਹਾ ਇਜਲਾਸ ਦੀ ਤਿਆਰੀ ਵਜੋਂ ਅੱਜ ਸਥਾਨਿਕ ਸਰਕਾਰੀ ਆਈ ਟੀ ਆਈ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਰੈਲੀ ਕਰਵਾਈ ਗਈ।ਇਸ ਮੌਕੇ ਵਿਦਿਆਰਥੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਤੇ ਜ਼ਿਲ੍ਹਾ ਆਗੂ ਰਾਜਦੀਪ ਸਿੰਘ ਗੇਹਲੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਜਮਹੂਰੀਅਤ ਦਾ ਘਾਣ, ਜਮਹੂਰੀ ਅਧਿਕਾਰਾਂ ਤੇ ਹਮਲਾ ਤੇ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਇਸਦੇ ਬਦਲੇ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਕਰੋੜਾਂ ਰੁਪਏ ਚੋਣ ਬਾਂਡਾਂ ਦੇ ਰੂਪ ਵਿੱਚ ਬੀਜੇਪੀ ਕੋਲ ਜਮ੍ਹਾਂ ਹੋਏ ਹਨ। ਅਜਿਹੇ ਸਮੇਂ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਦੀ ਰਖੈਲ ਬਣਾਏ ਜਾਣ ਦਾ ਵਿਰੋਧ ਕਰਦੇ ਹੋਏ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਏ ਜਾਣ, ਬੇਰੁਜ਼ਗਾਰੀ ਦੇ ਖਿਲਾਫ ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ ਲਈ ਸੰਘਰਸ਼ ਦਾ ਪਿੜ੍ਹ ਮੱਲਣਾ ਚਾਹੀਦਾ ਹੈ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਜ਼ਿਲ੍ਹਾ ਆਗੂ ਕੁਲਵੰਤ ਸਿੰਘ ਖੋਖਰ ਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨਦੀਪ ਸਿਰਸੀਵਾਲਾ ਨੇ ਕਿਹਾ ਕਿ ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਲਈ ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਏ ਜਾਣ ਲਈ ਵੱਡੇ ਵਿਦਿਆਰਥੀ ਅੰਦੋਲਨ ਦੀ ਅਣਸਰਦੀ ਲੋੜ ਹੈ।ਇਸ ਮੌਕੇ ਅਖੀਰ ਵਿੱਚ ਆਇਸਾ ਆਗੂਆਂ ਨੇ ਵਿਦਿਆਰਥੀਆਂ ਨੂੰ 22 ਮਾਰਚ ਦੇ ਜ਼ਿਲ੍ਹਾ ਇਜਲਾਸ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਜਾਰੀ ਕਰਤਾ÷
ਸੁਖਜੀਤ ਰਾਮਾਨੰਦੀ ÷
75892-13708