ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਰਾਜ ਪੱਧਰੀ ਕਲਾ ਮੁਕਾਬਲਿਆਂ ਦਾ ਪੋਸਟਰ ਕੀਤਾ ਜਾਰੀ
29 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੰਜਾਬ ਦੇ ਅਧਿਆਪਕਾਂ ਵੱਲ੍ਹੋਂ ਰਵਾਇਤੀ ਕਲਾਵਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ 2,3 ਅਕਤੂਬਰ ਨੂੰ ਮਸਤੂਆਣਾ ਸਾਹਿਬ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਕਲਾ ਮੁਕਾਬਲਿਆਂ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ
ਕਲਾ ਮੁਕਾਬਲਿਆਂ ਦਾ ਇਹ ਪਲੇਟਫਾਰਮ ਰਾਜ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਖੁਦ ਕਲਾ ਮੁਕਾਬਲਿਆਂ ਦੌਰਾਨ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸਿਖਿਆ ਦੇ ਨਾਲ-ਨਾਲ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰਨ ਅਤੇ ਨਿਖਾਰਨ ਦੀ ਵੱਡੀ ਲੋੜ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਵੀ ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ, ਉਨ੍ਹਾਂ ਕਿਹਾ ਕਿ ਮੰਚ ਵੱਲ੍ਹੋਂ ਆਫ਼ਲਾਈਨ ਮੁਕਾਬਲਿਆਂ ਤੋਂ ਪਹਿਲਾਂ ਜੋ ਆਨਲਾਈਨ ਕਲਾ ਮੁਕਾਬਲਿਆਂ ਦਾ ਪਲੇਟਫਾਰਮ ਵਿਦਿਆਰਥੀਆਂ ਨੂੰ ਦਿੱਤਾ ਗਿਆ,ਉਸ ਨਾਲ ਵੀ ਵੱਡੀ ਗਿਣਤੀ ਵਿੱਚ ਰਾਜ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਜਾਂ ਸਕੂਲਾਂ ਅੰਦਰ ਹੀ ਆਪਣੀ ਕਲਾ ਪ੍ਰਗਟਾਉਣ ਦਾ ਮੌਕਾ ਮਿਲਿਆ ਹੈ।
ਮੰਚ ਦੇ ਪ੍ਰਧਾਨ ਹਰਦੀਪ ਸਿੱਧੂ, ਨਰਿੰਦਰ ਸ਼ਰਮਾ, ਹਰਜੀਵਨ ਸਰਾਂ ਨੇ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਲਈ ਚਾਰ ਸਟੇਜਾਂ ਦਾ ਪ੍ਰਬੰਧ ਕੀਤਾ ਹੈ, ਇਸ ਤੋਂ ਇਲਾਵਾ ਪੰਜਾਬ ਭਰ ਤੋ ਆ ਰਹੇ ਵਿਦਿਆਰਥੀਆਂ, ਗਾਈਡ ਅਧਿਆਪਕਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।