ਜਾਂਚ ‘ਚ ਪਤਾ ਲੱਗਾ ਕਿ ਬਾਦਲ ਨੇ ਮਾਡਲ ਟਾਊਨ ਬਠਿੰਡਾ ‘ਚ ਘੱਟ ਰੇਟ ‘ਤੇ ਦੋ ਪਲਾਟ ਖਰੀਦਣ ਦੀ ਰਚੀ ਸੀ ਸਾਜ਼ਿਸ਼
ਸਰਕਾਰ ਦਾ ਕਰੀਬ 65 ਲੱਖ ਰੁਪਏ ਦਾ ਹੋਇਆ ਮਾਲੀ ਨੁਕਸਾਨ
ਚੰਡੀਗੜ੍ਹ, 25 ਸਤੰਬਰ :
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਾਰ ਹੋਰਾਂ ਖ਼ਿਲਾਫ਼ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਮਲਾ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2018 ਤੋਂ 2021 ਤੱਕ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਮਾਡਲ ਟਾਊਨ ਫੇਜ਼-1 ਬਠਿੰਡਾ ਨੇੜੇ ਟੀ.ਵੀ. ਟਾਵਰ ਵਿਖੇ 1560 ਵਰਗ ਗਜ ਦੇ ਦੋ ਪਲਾਂਟ ਖਰੀਦੇ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਨੰਬਰ 11/2022 ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਬਕਾ ਵਿੱਤ ਮੰਤਰੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਬੀ.ਡੀ.ਏ. ਬਠਿੰਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਸਾਲ 2021 ਵਿੱਚ ਪਲਾਟਾਂ ਦੀ ਬੋਲੀ ਦੌਰਾਨ ਆਮ ਲੋਕਾਂ ਨੂੰ ਗੁੰਮਰਾਹ ਕਰਦਿਆਂ ਜਾਅਲੀ ਨਕਸ਼ੇ ਅਪਲੋਡ ਕਰਵਾਏ ਗਏ ਸਨ ਤਾਂ ਜੋ ਬੋਲੀ ਪ੍ਰਕਿਰਿਆ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਅਪਲੋਡ ਕੀਤੇ ਨਕਸ਼ੇ ਵਿੱਚ ਪਲਾਟ ਨੰਬਰ 725-ਸੀ (560 ਵਰਗ ਗਜ਼) ਅਤੇ 726 (1000 ਵਰਗ ਗਜ਼) ਨੂੰ ਵੀ ਰਿਹਾਇਸ਼ੀ ਦੀ ਬਜਾਏ ਵਪਾਰਕ ਵਜੋਂ ਦਰਸਾਇਆ ਗਿਆ ਸੀ ਅਤੇ ਪਲਾਟਾਂ ਦੇ ਨੰਬਰ ਆਨਲਾਈਨ ਈ-ਆਕਸ਼ਨ ਪੋਰਟਲ ਤੇ ਪਾਏ ਨਕਸ਼ੇ ਵਿੱਚ ਨਹੀਂ ਦਿਖਾਏ ਗਏ ਸਨ। ਇਸ ਤੋਂ ਇਲਾਵਾ ਇੰਨਾਂ ਪਲਾਟਾਂ ਦੀ ਨਿਲਾਮੀ ਲਈ ਬਲਵਿੰਦਰ ਕੌਰ, ਪ੍ਰਸ਼ਾਸਨਿਕ ਅਧਿਕਾਰੀ, ਬੀ.ਡੀ.ਏ. ਬਠਿੰਡਾ ਦੇ ਡਿਜੀਟਲ ਹਸਤਾਖਰਾਂ ਦੀ ਵਰਤੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕੀਤੀ ਗਈ।
ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨਾਮਕ ਇੱਕਲੇ ਤਿੰਨ ਬੋਲੀਕਾਰਾਂ ਲਈ ਬੋਲੀ ਇੱਕ ਹੀ ਵਿਅਕਤੀ ਐਡਵੋਕੇਟ ਸੰਜੀਵ ਕੁਮਾਰ ਵੱਲੋਂ ਇੱਕੋ ਆਈ.ਪੀ. ਐਡਰੈਸ ਤੋਂ ਕੀਤੀ ਗਈ। ਇਸ ਤੋਂ ਇਲਾਵਾ ਦੋਵੇਂ ਪਲਾਟ ਬੋਲੀਕਾਰਾਂ ਵੱਲੋਂ 2021 ਵਿੱਚ ਘੱਟ ਰੇਟ ’ਤੇ ਖਰੀਦੇ ਗਏ ਸਨ ਜੋ ਰੇਟ ਸਾਲ 2018 ਵਿੱਚ ਨਿਲਾਮੀ ਵੇਲੇ ਤੈਅ ਕੀਤੇ ਗਏ ਸਨ ਜਿਸ ਕਾਰਨ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ।
ਸਾਬਕਾ ਵਿੱਤ ਮੰਤਰੀ ਨੇ ਬੀਡੀਏ ਬਠਿੰਡਾ ਤੋਂ ਅਲਾਟਮੈਂਟ ਪੱਤਰ ਮਿਲਣ ਤੋਂ ਪਹਿਲਾਂ ਆਪਣੇ ਜਾਣੇ-ਪਛਾਣੇ ਬੋਲੀਕਾਰਾਂ ਤੋਂ ਐਗਰੀਮੈਂਟਾਂ ਰਾਹੀਂ ਦੋਵੇਂ ਪਲਾਟ ਖਰੀਦ ਲਏ। ਇਹ ਵੀ ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਸਫਲ ਅਲਾਟੀਆਂ ਨੂੰ 25 ਫੀਸਦੀ ਬਿਆਨਾ ਅਗਾਊਂ ਹੀ ਟਰਾਂਸਫਰ ਕਰ ਦਿੱਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਬੋਲੀਕਾਰਾਂ ਨਾਲ ਪਹਿਲਾਂ ਹੀ ਮਿਲੀਭੁਗਤ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਕੇਸ ਵਿੱਚ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਜਾਂਚ ਦੌਰਾਨ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਬਾਰੇ ਵੀ ਪਤਾ ਲਗਾਇਆ ਜਾਵੇਗਾ।