–38 ਕਰੋੜ ਦੀ ਲਾਗਤ ਵਾਲੇ ਓਵਰ ਬ੍ਰਿਜ ਤੇ 4.35 ਕਰੋੜ ਦੀ ਲਗਾਤ ਵਾਲੇ ਨਵੇਂ ਪਟਵਾਰਖਾਨੇ ਦਾ ਰੱਖਿਆ ਨੀਂਹ ਪੱਥਰ
8 ਮਾਰਚ (ਗਗਨਦੀਪ ਸਿੰਘ) ਬਠਿੰਡਾ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਬਠਿੰਡਾ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਤੋਂ ਇਲਾਵਾ ਵਿਕਾਸ ਕਾਰਜਾਂ ਵਿੱਚ ਲਿਆਂਦੀ ਜਾ ਹਨ੍ਹੇਰੀ ਵਿੱਚ ਬਠਿੰਡਾ ਨੂੰ ਨੰਬਰ ਇੱਕ ਤੇ ਲਿਆਂਦਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਸਥਾਨਕ ਮੁਲਤਾਨੀਆਂ ਰੋਡ ਤੇ ਬਣ ਰਹੇ ਨਵੇਂ ਓਵਰ ਬ੍ਰਿਜ਼ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਸ੍ਰੀ ਅੰਮਿਤ ਲਾਲ ਅਗਰਵਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਮੁਲਤਾਨੀਆਂ ਰੋਡ ਤੇ ਨਵੀਂ ਤਕਨੀਕ ਨਾਲ ਬਣਨ ਵਾਲਾ ਇਹ ਓਵਰ ਬ੍ਰਿਜ 35 ਸਾਲ ਪੁਰਾਣਾ ਹੋ ਚੁੱਕਿਆ ਸੀ ਅਤੇ ਇਸ ਪੁਲ ਦੀ ਮਾੜੀ ਹਾਲਤ ਹੋ ਚੁੱਕੀ ਸੀ ਅਤੇ ਚੌੜਾਈ ਵੀ ਘੱਟ ਸੀ, ਜਿਸ ਕਾਰਨ ਮੌਜੂਦਾ ਟ੍ਰੈਫ਼ਿਕ ਲੋਡ ਅਨੁਸਾਰ ਟ੍ਰੈਫ਼ਿਕ ਦੇ ਯੋਗ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਪੁਲ ਤੇ ਕਰੀਬ 38 ਕਰੋੜ ਰੁਪਏ ਖਰਚੇ ਜਾਣਗੇ।
ਵਿਧਾਇਕ ਗਿੱਲ ਨੇ ਅੱਗੇ ਦੱਸਿਆ ਕਿ ਇਸ ਓਵਰ ਬ੍ਰਿਜ ਨੂੰ ਬਣਾਉਣ ਦਾ ਸਮਾਂ 24 ਮਹੀਨੇ ਤੈਅ ਕੀਤਾ ਗਿਆ ਹੈ, ਲੇਕਿਨ ਇਹ ਤੈਅ ਸਮੇਂ ਤੋਂ ਪਹਿਲਾਂ ਹੀ ਲੋਕ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਪੁਲ ਦੀ ਲੰਬਾਈ (ਸਮੇਤ ਰੇਲਵੇ ਪੋਰਸ਼ਨ)1 ਕਿਲੋਮੀਟਰ ਹੈ, ਜਿਸ ਵਿੱਚ 470 ਮੀਟਰ ਪੋਰਸ਼ਨ ਨੂੰ ਪਿੱਲਰਾਂ ਤੇ ਬਣਾਇਆ ਜਾਵੇਗਾ। ਪਿੱਲਰਾਂ ਦੇ ਨੀਚੇ ਜੋ ਥਾਂ ਖਾਲੀ ਰਹੇਗੀ ਉਸ ਨੂੰ ਨੇੜਲੇ ਏਰੀਏ ਸ਼ਿਰਕੀ ਬਜ਼ਾਰ, ਪੁਰਾਣਾ ਬਜ਼ਾਰ ਆਦਿ ਦੁਆਰਾ ਪਾਰਕਿੰਗ ਲਈ ਵਰਤਿਆ ਜਾ ਸਕੇਗਾ, ਜਿਸ ਨਾਲ ਬਜਾਰ ਵਿਚਲੀ ਟ੍ਰੈਫ਼ਿਕ ਵੀ ਘਟੇਗੀ। ਇਸ ਤੋਂ ਇਲਾਵਾ ਇਸ ਪੁਲ ਦੀਆਂ ਅਪਰੋਚਾਂ ਦੀ ਚੌੜਾਈ ਪਹਿਲਾਂ 7.50 ਮੀਟਰ ਸੀ, ਜਦ ਕਿ ਹੁਣ ਇਸ ਨੂੰ ਵਧਾ ਕੇ 10.50 ਮੀਟਰ ਚੌੜਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਧਾਇਕ ਸ. ਗਿੱਲ ਨੇ ਸਥਾਨਕ ਪੁਰਾਣੀ ਤਹਿਸੀਲ, ਸਿਵਲ ਸਟੇਸ਼ਨ ਵਿਖੇ 4.35 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਪਟਵਾਰਖਾਨੇ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪਟਵਾਰਖਾਨੇ ਦਾ ਕੰਮ 15 ਮਾਰਚ ਤੋਂ ਸ਼ੁਰੂ ਹੋ ਜਾਵੇਗਾ ਅਤੇ ਇਹ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਪਟਵਾਰਖਾਨੇ ਦੀ ਇਮਾਰਤ ਤੇ 34 ਕਮਰੇ, ਕਿਚਨ, ਸਟੋਰ, ਵਾਸ਼ਰੂਮਾਂ ਤੋਂ ਇਲਾਵਾ ਪਾਰਕਿੰਗ ਆਦਿ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਬਠਿੰਡਾ ਸ਼ਹਿਰ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੋਟੈਨੀਕਲ ਗਾਰਡਨ ਤੇ 8 ਕਰੋੜ 20 ਲੱਖ, ਇੰਡਸਟਰੀਅਲ ਏਰੀਆ ਨੇੜੇ ਆਈ ਟੀ ਆਈ ਚੌਂਕ ਸਬ ਫਾਇਰ ਸਟੇਸ਼ਨ ਤੇ 48 ਲੱਖ, ਮਾਨਸਾ ਰੋਡ ਤੇ ਸਥਿਤ ਗਰੋਥ ਸੈਂਟਰ ਵਿਖੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਸਟੋਰਜ਼ ਟੈਂਕ (ਓਐਚਆਰਐਸ) ਤੇ 2 ਕਰੋੜ 92 ਲੱਖ ,ਐਡਜੁਆਇਨਿੰਗ ਸੈਕਸ਼ਨ ਤੇ 2 ਕਰੋੜ 29 ਲੱਖ 44 ਹਜ਼ਾਰ ਅਤੇ ਡੌਗ ਸ਼ੈਲਟਰ ਹੋਮ ਲਈ 43 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖੇ ਜਿਨਾਂ ਦੇ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿੰਨ੍ਹਾਂ ਨੂੰ ਜਲਦ ਮੁਕੰਮਲ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੀ ਚੰਦਸਰ ਬਸਤੀ ਤੇ ਹੋਰ ਖੇਤਰਾਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 89 ਲੱਖ ਦੀ ਲਾਗਤ ਨਾਲ ਵਿਕਾਸ ਦੇ ਕੰਮ ਚੱਲ ਰਹੇ ਹਨ।
ਇਸ ਮੌਕੇ ਤਹਿਸੀਲਦਾਰ ਗੋਨਿਆਣਾ, ਕੌਂਸਲਰ ਸੁਖਦੀਪ ਢਿੱਲੋਂ , ਆਪ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੀ ਸੁਰਿੰਦਰ ਸਿੰਘ ਬਿੱਟੂ, ਤੋਂ ਇਲਾਵਾ ਹੋਰ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।