ਵਿਕਾਸ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ। ਅਸਲੀ ਦੇ ਪਿੱਛੇ ਨਕਲੀ ਕੀ ਹੈ ? ਦੇਸ਼ ਵਿਕਾਸ ਦੀਆਂ ਬੁਲੰਦੀਆਂ ਛੂਹ ਗਿਆ ਹੈ। ਬੰਨ੍ਹ ਤੇ ਪੁੱਲ਼ ਟੁੱਟ ਰਹੇ ਹਨ। ਸੜਕਾਂ ਧਰਤੀ ਵਿੱਚ ਸਮਾਧੀ ਲਗਾ ਰਹੀਆਂ ਹਨ। ਸ੍ਰੀ ਰਾਮ ਮੰਦਿਰ ਦੀ ਛੱਤ ਹੰਝੂਆਂ ਦਾ ਮੀਂਹ ਵਰ੍ਹਾ ਰਹੀ ਹੈ। ਉਸਦੇ ਹੰਝੂਆਂ ਦੇ ਨਾਲ ਉਸਦੇ ਵੱਲ ਨੂੰ ਜਾਂਦੀਆਂ ਸੜਕਾਂ ਹੰਝੂਆਂ ਦੇ ਹੜ੍ਹ ਨਾਲ ਰੁੜ੍ਹ ਗਈਆਂ ਹਨ। ਲੋਕ ਦੂਰ ਖੜ੍ਹੇ ਤਮਾਸ਼ਾ ਦੇਖ ਰਹੇ ਹਨ। ਵੀਡੀਓ ਬਣਾ ਰਹੇ ਹਨ, ਸੋਸ਼ਲ ਮੀਡੀਏ ਉਪਰ ਪਾ ਰਹੇ ਹਨ।
ਉਹ ਵਿਕਾਸ ਦੇਵਤਾ ਜੀ ਦੇ ਗੁਣਗਾਨ ਕਰਦੇ ਹਨ। ਆਰਤੀ ਉਤਾਰਦੇ ਹੋਏ ਅੰਨ੍ਹੀਆਂ, ਬੋਲੀਆਂ ਤੇ ਬਹਿਰੀਆਂ ਨੂੰ ਵਿਕਾਸ ਦੇਵਤਾ ਜੀ ਦੀ ਬਾਣੀ ਸਾਖੀਆਂ ਸੁਣਾ ਸੁਣਾ ਕੇ ਉਹਨਾਂ ਦੀ ਸਰੀਰ ਦਾਨ ਤੇ ਮਾਨਸਿਕ ਮੁਕਤੀ ਕਰ ਰਹੇ ਹਨ। ਵਿਕਾਸ ਦੇਵਤਾ ਜੀ ਜਹਾਜ਼ ਉਪਰ ਆ ਕੇ ਸੜਕਾਂ ਦੀਆਂ ਸਿਫਤਾਂ ਕਰਦੇ ਹਨ। ਉਹ ਦੱਸਦੇ ਹਨ, ਇਹਨਾਂ ਸੜਕਾਂ ਦਾ ਨਿਰਮਾਣ ਡਿਜੀਟਲ ਕੰਪਿਊਟਰ ਤੇ ਸੈਟਾਲਾਈਟ ਨਾਲ ਕੀਤਾ ਗਿਆ ਹੈ। ਇਸੇ ਕਰਕੇ ਉਹ ਆਪਣੀ ਗੱਲ ਨੂੰ ਮੀਡੀਏ ਸਾਹਮਣੇ ਦੱਸਦੇ ਬੜੇ ਖੁਸ਼ ਹਨ।
ਦਿੱਲੀ ਦੇ ਵਿੱਚ ਬਰਸਾਤ ਨੇ ਵਿਕਾਸ ਦੇਵਤਾ ਨੂੰ ਇੱਕ ਬਾਲਟੀ ਵਿੱਚ ਸਮੇਟ ਦਿੱਤਾ ਹੈ। ਬਾਰਾਂ ਸੌ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੰਸਦ ਭਵਨ ਦੀ ਇਮਾਰਤ ਵੀ ਖੁਸ਼ੀ ਦੇ ਨਾਲ ਪਾਗ਼ਲ ਹੋਈ ਪਈ ਹੈ। ਉਸਦੀ ਖੁਸ਼ੀ ਦੇ ਹੰਝੂ ਵੀ ਇੱਕ ਬਾਲਟੀ ਵਿੱਚ ਸੰਭਾਲਣ ਦਾ ਸ਼ਲਾਘਾਯੋਗ ਉਦਮ ਕੀਤਾ ਗਿਆ ਹੈ। ਉਧਰ ਪੱਤਰਕਾਰ ਰਵੀਸ਼ ਕੁਮਾਰ ਕਹਿੰਦੇ ਹਨ ਕਿ ਜੇ ਐਨੇ ਫੰਡ ਦੀਆਂ ਬਾਲਟੀਆਂ ਖਰੀਦੀਆਂ ਜਾਂਦੀਆਂ ਤਾਂ ਦਿੱਲੀ ਦਾ ਪਾਣੀ ਸੰਭਾਲਿਆ ਜਾ ਸਕਦਾ ਸੀ।
ਉਧਰ ਭਾਰਤ ਦਾ ਸਭ ਤੋਂ ਇਮਾਨਦਾਰ ਤੇ ਇਨਕਲਾਬੀ ਅਰਵਿੰਦ ਕੇਜਰੀਵਾਲ ਖ਼ੁਸ਼ ਹੈ ਕਿ ਉਸਦੇ ਵਿਕਾਸ ਨੂੰ ਦੁਨੀਆਂ ਭਰ ਦੇ ਲੋਕ ਦੇਖਣ ਆ ਰਹੇ ਹਨ। ਉਹ ਉਹਨਾਂ ਦਾ ਸਵਾਗਤ ਨਹੀਂ ਕਰ ਸਕਿਆ ਕਿਉਂਕਿ ਵਿਕਾਸ ਦੇਵਤਾ ਤੋਂ ਉਹਨਾਂ ਦੀ ਇਮਾਨਦਾਰੀ ਦੇਖੀ ਨਹੀਂ ਜਾਂਦੀ। ਉਹ ਉਸਦੇ ਸਿਹਤ, ਸਿਖਿਆ ਤੇ ਹੋਰ ਕ੍ਰਾਂਤੀ ਤੋਂ ਵਿਕਾਸ ਦੇਵਤਾ ਜੀ ਦੁਖੀ ਹਨ। ਉਹਨਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਉੱਤੇ ਕੰਮਜ਼ੋਰ ਕਰਨ ਲਈ ਉਸਨੂੰ ਖਾਣਾ ਘਟੀਆ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਉਸ ਤਾਂ ਵਿਕਾਸ ਦੇਵਤਾ ਡਰ ਰਿਹਾ ਹੈ। ਇਹ ਅੰਦਰ ਦੀ ਗੱਲ ਹੈ ਕਿ ਕੌਣ ਕਿਸ ਤੋਂ ਡਰਦਾ ਹੈ?
ਇੱਕ ਗੱਲ ਤਾਂ ਸਭਨਾਂ ਨੂੰ ਮੰਨਣੀ ਪਵੇਗੀ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਜਿਹੜਾ ਕੰਮ ਲੋਕ ਨਹੀਂ ਕਰ ਸਕੇ ਉਹ ਕੁਦਰਤ ਨੇ ਕਰਕੇ ਵਿਖਾ ਦਿੱਤਾ ਹੈ। ਉਸਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਿਖਾ ਦਿੱਤਾ ਹੈ।
ਵੈਸੇ ਵਿਸ਼ਵ ਸਿਹਤ ਸੰਗਠਨ ਨੇ ਵੀ ਵਿਕਾਸ ਮੁਖੀ ਨੂੰ ਪਹਲੇ ਸਥਾਨ ਉੱਤੇ ਪਹੁੰਚਾਇਆ ਹੈ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ ਹੈ ਜਿਥੇ ਕੁਪੋਸ਼ਣ ਨਾਲ ਮਰਨ ਵਾਲੇ ਬੱਚੇ ਹਨ। ਉਸਨੇ ਇਹ ਦੱਸਿਆ ਹੈ ਕਿ ਅੱਸੀ ਕਰੋੜ ਲੋਕ ਆਟਾ ਦਾਲ ਸਕੀਮ ਤਹਿਤ ਜਿਉਂਦੇ ਹਨ। ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਹਨ।
ਵਿਕਾਸ ਦੇਵਤਾ ਜੀ ਦੀਆਂ ਸਿਫਤਾਂ ਤਾਂ ਸਾਰਾਂ ਸੰਸਾਰ ਕਰ ਰਿਹਾ ਹੈ। ਇੱਕ ਭਾਰਤੀ ਜਨਤਾ ਹੈ ਜਿਸਦੇ ਗਲ਼ ਵਿੱਚ ਵਿਕਾਸ ਨਹੀਂ ਉਤਰ ਰਿਹਾ। ਸੰਸਦ ਭਵਨ ਦੇ ਵਿੱਚ ਵਿਕਾਸ ਚੋਅ ਰਿਹਾ ਹੈ। ਇਹ ਕੋਈ ਛੋਟੀ ਪ੍ਰਾਪਤੀ ਹੈ? ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਆਜ਼ਾਦੀ ਭਾਰਤ ਦੇ ਲੋਕਾਂ ਨੂੰ ਵੀਹ ਸੌ ਚੌਦਾਂ ਵਿਚ ਮਿਲੀ ਹੈ। ਉਸੇ ਸਮੇਂ ਤੋਂ ਦੇਸ਼ ਵਿੱਚ ਕਾਲਜ, ਆਈ ਟੀਮ ਆਈ, ਆਈ ਟੀ, ਯੂਨੀਵਰਸਿਟੀ/ ਮੈਡੀਕਲ ਤੇ ਇੰਜੀਨੀਅਰਿੰਗ ਕਾਲਜ, ਹਾਈਵੇ ਤੇ ਇਮਾਰਤਾਂ ਵਿਕਾਸ ਦੇਵਤਾ ਦੇ ਰਾਜ ਵੇਲੇ ਹੀ ਬਣੇ ਹਨ।
ਭਾਰਤ ਦੇ ਲੋਕਾਂ ਨੂੰ ਇਹ ਸਭ ਹਜ਼ਮ ਕਿਉਂ ਨਹੀਂ ਹੋ ਰਿਹਾ, ਇਸਦਾ ਵਿਕਾਸ ਦੇਵਤਾ ਨੂੰ ਕੋਈ ਡਰ ਤੇ ਫਿਕਰ ਨਹੀਂ ਪਰ ਉਸਦੀ ਮਾਂ ਨਾਗਪੁਰੀ ਨੂੰ ਜ਼ਰੂਰ ਫਿਕਰ ਹੈ। ਵਿਕਾਸ ਤਾਂ ਹੁਣ ਬਾਲਟੀਆਂ ਤੱਕ ਪੁੱਜ ਗਿਆ ਹੈ। ਜਿਵੇਂ ਭਗਵੰਤ ਮਾਨ ਦੀ ਤਸਵੀਰ ਹਰ ਕਿਸੇ ਦੇ ਘਰ, ਪਿੰਡ ਤੇ ਸ਼ਹਿਰ ਵਿਚ ਪੁੱਜ ਗਈ ਹੈ।
ਵਿਕਾਸ ਦੇਵਤਾ ਦੇ ਇਸ ਪਵਿੱਤਰ ਰਸ ਨੂੰ ਸੰਭਾਲਣ ਦੀ ਲੋੜ ਹੈ। ਹਰ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਇਸ ਵਿਕਾਸ ਯਾਤਰਾ ਨੂੰ ਆਪੋ ਆਪਣੇ ਤਰੀਕੇ ਨਾਲ ਸੰਭਾਲ ਕੇ ਰੱਖੇ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾ ਸਕੇ।
—-
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਲੁਧਿਆਣਾ
946437023