ਆਉਣ ਵਾਲੇ ਦਿਨਾਂ ਚ ਜੇਕਰ ਪ੍ਰਬੰਧ ਨਾ ਕੀਤਾ ਤਾਂ ਕਰਾਂਗੇ ਚੱਕਾ ਜਾਮ… ਹਰਦੀਪ ਬੀਹਲਾ
25 ਮਈ (ਡਾਕਟਰ ਮਿੱਠੂ ਮੁਹੰਮਦ) ਮਹਿਲ ਕਲਾਂ: ਸ਼ਹਿਰ ਮਹਿਲ ਕਲਾਂ ਦੀ ਸਾਰੀ ਮਾਰਕੀਟ ਵਿੱਚ ਲੱਗ ਰਹੇ ਹਰ ਰੋਜ਼ ਦੇ ਬਿਜਲੀ ਦੇ ਕੱਟਾਂ ਤੋਂ ਦੁਕਾਨਦਾਰ ਪਰੇਸ਼ਾਨ ਹਨ। ਇਸ ਸਬੰਧ ਵਿੱਚ ਅੱਜ ਬੀਡੀਪੀਓ ਦਫ਼ਤਰ ਵਿੱਚ ਮਹਿਲ ਕਲਾਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਦੁਕਾਨਦਾਰਾਂ ਦਾ ਇੱਕ ਭਰਵਾਂ ਇਕੱਠ ਹੋਇਆ। ਜਿਸ ਵਿੱਚ ਸਾਰਿਆਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਲਗਾਤਾਰ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪ੍ਰੰਤੂ ਦੁਕਾਨਦਾਰ ਮਾਰਕੀਟ ਨੂੰ ਪੈਸੇ ਲੈ ਕੇ ਵੀ ਬਿਜਲੀ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਸਾਨੂੰ ਨਿਰਵਿਘਨ ਬਿਜਲੀ ਦਿੱਤੀ ਜਾਵੇ। ਅਸੀਂ ਰੋਜ ਦੇ ਕੱਟਾਂ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ। ਹਫਤੇ ਵਿੱਚ ਤਿੰਨ ਦਿਨ ਬਿਜਲੀ ਆਉਂਦੀ ਹੈ। ਚਾਰ ਦਿਨ ਬਿਜਲੀ ਦੇ ਕੱਟ ਲੱਗਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਅਸੀਂ ਆਪਣਾ ਰੁਜ਼ਗਾਰ ਵੀ ਨਹੀਂ ਚਲਾ ਸਕਦੇ। ਕਿਉਂਕਿ ਬਿਜਲੀ ਦਾ ਕੋਈ ਵੀ ਭਰੋਸਾ ਨਹੀਂ ਕਦੋਂ ਚਲੀ ਜਾਵੇ। ਸਾਰੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜੇਕਰ ਬਿਜਲੀ ਸਪਲਾਈ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਅਸੀਂ ਇਕੱਤਰ ਹੋ ਕੇ ਰੋਡ ਜਾਮ ਕਰਾਂਗੇ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮਹਿਲ ਕਲਾਂ ਦੁਕਾਨਦਾਰਾਂ ਲਈ ਸਪੈਸ਼ਲ ਸ਼ਹਿਰੀ ਫੀਡਰ ਨਾਲ ਜੋੜਨ ਦਾ ਪ੍ਰਬੰਧ ਨਾ ਕੀਤਾ ਤਾਂ ਅਸੀਂ ਵੱਡੀ ਪੱਧਰ ਤੇ ਸੰਘਰਸ਼ ਲਈ ਮਜਬੂਰ ਹੋਵਾਂਗੇ। ਉਹਨਾਂ ਮੰਗ ਕੀਤੀ ਕਿ ਮਾਰਕੀਟ ਵਿੱਚ ਕਮਰਸ਼ੀਅਲ ਮੀਟਰ ਲੱਗਣ ਦੇ ਬਾਵਜੂਦ ਵੀ ਬਿਜਲੀ ਦਿਨ ਵਿੱਚ ਪੂਰੀ ਨਹੀਂ ਆਉਂਦੀ। ਮਾਰਕੀਟ ਲਈ ਵੱਖਰੀ ਲਾਈਨ ਕੱਢੀ ਜਾਵੇ ਅਤੇ ਬਿਜਲੀ ਨੂੰ ਯਕੀਨੀ ਬਣਾਇਆ ਜਾਵੇ। ਇਸ ਸਮੇਂ ਪ੍ਰਧਾਨ ਗਗਨ ਸਰਾਂ ਜਗਦੀਸ਼ ਪੰਨੂ,ਹਰਦੀਪ ਬੀਹਲਾ, ਅਵਤਾਰ ਬਾਵਾ, ਰਾਹੁਲ, ਚੀਕੂ, ਵਿੱਕੀ, ਸੋਨੀ, ਜਸਵਿੰਦਰ ਬੁੱਟਰ, ਰਾਸ਼ੀਦ, ਡਾਕਟਰ ਪਰਵਿੰਦਰ, ਗੋਲਡੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਸ਼ਾਮਲ ਸਨ।