ਨਰਮੇ/ਕਪਾਹ ਦਾ ਬੀਜ਼ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜਣ ਦੀ ਅਪੀਲ
5 ਮਾਰਚ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਸਬੰਧੀ ਹੁਣੇ ਤੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਤਾਂ ਜੋ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਂਦਿਆਂ ਫ਼ਸਲ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਨਰ (ਜਨਰਲ) ਪੂਨਮ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੌਰਾਨ ਸਾਂਝੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਰਮੇ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ 31 ਮਾਰਚ ਤੱਕ ਆਪਣੇ ਵਿਭਾਗ ਅਧੀਨ ਆਉਂਦੇ ਏਰੀਏ ਵਿੱਚ ਚਿੱਟੀ ਮੱਖੀ ਦੇ ਪਨਾਹਗਾਰ ਨਦੀਨਾਂ ਨੂੰ ਨਸ਼ਟ ਕਰਨ ਬਾਰੇ ਹਦਾਇਤ ਕੀਤੀ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਨੂੰ ਉਨ੍ਹਾਂ ਦੇ ਵਿਭਾਗ ਅਧੀਨ ਆਉਂਦੀਆਂ ਸਬਜ਼ੀਆਂ ਜਿਵੇ ਕਿ ਬੈਂਗਣ, ਆਲੂ, ਟਮਾਟਰ, ਮਿਰਚਾਂ, ਮੂੰਗੀ ਅਤੇ ਖੀਰੇ ਆਦਿ ਦੇ ਫਾਰਮਾਂ ਜਾਂ ਖੇਤਾਂ ਵਿੱਚ ਵਿਸ਼ੇਸ਼ ਤੌਰ ਤੇ ਧਿਆਨ ਦੇਣ ਬਾਰੇ ਕਿਹਾ ਤਾਂ ਜੋ ਚਿੱਟੀ ਮੱਖੀ ਇਨ੍ਹਾਂ ਸਬਜ਼ੀਆਂ ਉਪਰ ਨਾ ਪਲ ਸਕ। ਇਸੇ ਤਰ੍ਹਾਂ ਉਨ੍ਹਾਂ ਸਥਾਨਕ ਖੇਤਰੀ ਖੋਜ਼ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੂੰ ਕਿਹਾ ਕਿ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਅਕਾਸ਼ਵਾਣੀ ਬਠਿੰਡਾ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਚਿੱਟੀ ਮੱਖੀ ਦੇ ਪਨਾਹਗਾਰ ਨਦੀਨਾਂ ਨੂੰ ਨਸ਼ਟ ਕਰਨ ਲਈ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪਿੰਡ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਪੀ.ਪੀ.ਟੀ.ਰਾਹੀਂ ਹਾਜ਼ਰੀਨ ਵਿਭਾਗਾਂ ਨੂੰ ਪਨਾਹਗਾਰ ਨਦੀਨਾਂ ਅਤੇ ਚਿੱਟੀ ਮੱਖੀ ਦੇ ਲਾਰਵੇ ਅਤੇ ਅਡਲਟ ਦੀ ਪਹਿਚਾਣ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ।
ਇਸ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਨਰਮੇ/ਕਪਾਹ ਦੇ ਅਣ-ਅਧਿਕਾਰਤ ਬੀਜ (ਜੋ ਕਿ ਗੁਜਰਾਤੀ ਬੀਜ ਜਾਂ ਕਿਸੇ ਹੋਰ ਸੂਬਿਆਂ ਤੋਂ ਆਉਂਦਾ ਹੈ) ਨੂੰ ਜ਼ਿਲ੍ਹੇ ਵਿੱਚ ਆਉਣ ਤੋਂ ਰੋਕਣ ਸਬੰਧੀ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੈਂਪਾਂ/ਨੁੱਕੜ ਮੀਟਿੰਗਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਰਮੇ/ਕਪਾਹ ਦੇ ਬੀਜ ਦੀਆਂ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੇ ਬੀਜ ਹੀ ਬੀਜੇ ਜਾਣ ਅਤੇ ਇਹ ਬੀਜ ਸਿਰਫ ਸਰਕਾਰੀ ਅਦਾਰਿਆਂ ਜਾਂ ਰਜਿਸਟਰਡ ਡੀਲਰਾਂ ਪਾਸੋਂ ਹੀ ਖਰੀਦਿਆ ਜਾਵੇ, ਕਿਉਕਿ ਇਨ੍ਹਾਂ ਅਣ-ਅਧਿਕਾਰਤ ਬੀਜਾਂ ਤੇ ਵੀ ਚਿੱਟੀ ਮੱਖੀ ਪਨਾਹ ਲੈਂਦੀ ਹੈ ਅਤੇ ਨਰਮੇ ਦੇ ਝਾੜ ਤੇ ਅਸਰ ਪੈਂਦਾ ਹੈ। ਨਰਮੇ ਦੀ ਫਸਲ ਤੇ ਚਿੱਟੀ ਮੱਖੀ ਨਾਲ ਹੋਣ ਵਾਲੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਚਿੱਟੀ ਮੱਖੀ ਦੇ ਪਨਾਹਗਾਰ ਨਦੀਨ ਜਿਵੇਂ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ, ਗਾਜਰ ਘਾਹ, ਮਕੋਹ, ਗੁੱਤ ਪੱਟਣਾ ਅਤੇ ਜੰਗਲੀ ਸੂਰਜਮੁਖੀ ਨੂੰ ਨਸ਼ਟ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ 31 ਮਾਰਚ 2024 ਤੱਕ ਕੰਮ ਮੁਕੰਮਲ ਕਰਨ ਲਈ ਵੀ ਹਦਾਇਤ ਕੀਤੀ ਗਈ।