–ਜ਼ਿਲ੍ਹਾ ਬਰਨਾਲਾ ‘ਚ ਬਣਾਏ ਜਾਣਗੇ 31 ਮਾਡਲ ਸਟੇਸ਼ਨ
12 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਲੋਕ ਸਭਾ ਚੋਣਾਂ 2024 ‘ਚ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ 18 ਸਾਲ ਦੇ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਜ਼ਿਲ੍ਹਾ ਬਰਨਾਲਾ ‘ਚ 3 ਪੋਲਿੰਗ ਸਟੇਸ਼ਨ ਨੌਜਵਾਨ ਲੋਕਾਂ ਵੱਲੋਂ ਸੰਭਾਲੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੌਜਵਾਨਾਂ ਨੂੰ ਚੋਣ ਪਰਕ੍ਰਿਆ ਨਾਲ ਜੋੜ ਕੇ ਰੱਖਣ ਅਤੇ ਉਨ੍ਹਾਂ ਦੀ ਮਤਦਾਨ ਦਰ ਵਧਾਉਣ ਲਈ ਹਰ ਇੱਕ ਵਿਧਾਨ ਸਭਾ ਖੇਤਰ ‘ਚ ਇੱਕ ਪੋਲਿੰਗ ਸਟੇਸ਼ਨ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ‘ਚ ਨੌਜਵਾਨ ਸਟਾਫ ਮੈਂਬਰ ਲਗਾਏ ਜਾਣਗੇ।
ਭਦੌੜ ਵਿਧਾਨ ਸਭਾ ਖੇਤਰ ‘ਚ ਇਹ ਪੋਲਿੰਗ ਸਟੇਸ਼ਨ ਸਰਕਾਰੀ ਸਮਾਰਟ ਹਾਈ ਸਕੂਲ ਤਾਜੋਕੇ (ਪੋਲਿੰਗ ਸਟੇਸ਼ਨ ਨੰਬਰ 107), ਬਰਨਾਲਾ ਵਿਧਾਨ ਸਭਾ ਖੇਤਰ ‘ਚ ਬੀ. ਫਾਰਮੈਸੀ ਕਾਲਜ (ਐੱਸ.ਡੀ. ਕਾਲਜ ਬਰਨਾਲਾ ਪੋਲਿੰਗ ਸਟੇਸ਼ਨ ਨੰਬਰ 81) ਅਤੇ ਮਹਿਲ ਕਲਾਂ ਵਿਧਾਨ ਸਭਾ ਖੇਤਰ ‘ਚ ਸਰਕਾਰੀ ਐਲੀਮੈਂਟਰੀ ਸਕੂਲ ਚੁਹਾਣਕੇ ਕਲਾਂ (ਪੋਲਿੰਗ ਸਟੇਸ਼ਨ ਨੰਬਰ 103) ਵਿਖੇ ਸਥਾਪਤ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਮਹਿਲਾਵਾਂ ਕਰਮਚਾਰੀਆਂ ਵੱਲੋਂ ਤਿੰਨ ਪਿੰਕ ਪੋਲਿੰਗ ਸਟੇਸ਼ਨ ਸੰਭਾਲੇ ਜਾਣਗੇ ਜਿਨ੍ਹਾਂ ‘ਚ ਭਦੌੜ ਤੋਂ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ (ਪੋਲਿੰਗ ਸਟੇਸ਼ਨ ਨੰਬਰ 91), ਬਰਨਾਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਣ (ਪੋਲਿੰਗ ਸਟੇਸ਼ਨ ਨੰਬਰ 90) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ (ਪੋਲਿੰਗ ਸਟੇਸ਼ਨ ਨੰਬਰ 25) ਸ਼ਾਮਿਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਚੋਣ ਸਟਾਫ, ਸੁਰੱਖਿਆ ਸਟਾਫ ਅਤੇ ਪੁਲਿਸ ਸਟਾਫ ਮਹਿਲਾਵਾਂ ਹੋਣਗੀਆਂ। ਇਨ੍ਹਾਂ ਪੋਲਿੰਗ ਸਟੇਸ਼ਨਾਂ ਨੂੰ ਗੁਲਾਬੀ ਰੰਗ ‘ਚ ਸਜਾਇਆ ਜਾਵੇਗਾ । ਇਹ ਪੋਲਿੰਗ ਸਟੇਸ਼ਨ ਸਥਾਪਤ ਕਰਨ ਦਾ ਮੁਖ ਮੰਤਵ ਮਹਿਲਾ ਕਰਮਚਾਰੀਆਂ ਅਤੇ ਮਹਿਲਾ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦਿਵਿਆਂਗ ਲੋਕਾਂ ਲਈ ਤਿੰਨ ਵਿਸ਼ੇਸ਼ ਪੀ.ਡਬਲਿਊ.ਡੀ. ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਦਿਵਿਆਂਗ ਚੋਣ ਸਟਾਫ ਤਾਇਨਾਤ ਕੀਤੇ ਜਾਣਗੇ। ਭਦੌੜ ‘ਚ ਇਹ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਰੂੜੇਕੇ ਕਲਾਂ (ਪੋਲਿੰਗ ਸਟੇਸ਼ਨ ਨੰਬਰ 123), ਬਰਨਾਲਾ ‘ਚ ਸਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ (ਪੋਲਿੰਗ ਸਟੇਸ਼ਨ ਨੰਬਰ 67) ਅਤੇ ਮਹਿਲ ਕਲਾਂ ‘ਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ (ਪੋਲਿੰਗ ਸਟੇਸ਼ਨ ਨੰਬਰ 12) ਵਿਖੇ ਸਥਾਪਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ‘ਚ ਕੁੱਲ 31 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਭਦੌੜ ਅਤੇ ਮਹਿਲ ਕਲਾਂ ਵਿਧਾਨ ਸਭਾ ਖੇਤਰ ’ਚ 10 -10 ਅਤੇ ਬਰਨਾਲਾ ‘ਚ 11 ਪੋਲਿੰਗ ਸਟੇਸ਼ਨ ਸ਼ਾਮਿਲ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਚ ਵੱਖ ਵੱਖ ਤਰੀਕੇ ਦੀਆਂ ਸੁਵਿਧਾਵਾਂ ਵੋਟਰਾਂ ਨੂੰ ਦਿੱਤੀਆਂ ਜਾਣਗੀਆਂ ਜਿਹੜੀਆਂ ਕਿ ਆਮ ਤੌਰ ‘ਤੇ ਮਤਦਾਨ ਕੇਂਦਰ ਵਿਖੇ ਨਹੀਂ ਹੁੰਦੀਆਂ।