–ਪਿੰਡਾਂ ‘ਚ ਲਗਾਈ ਜਾ ਰਹੀ ਹੈ ਚੋਣਾਂ ਦੀ ਪਾਠਸ਼ਾਲਾ
20 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀਆਂ ਹਦਾਇਤਾਂ ਮੁਤਾਬਿਕ ਲੋਕ ਸਭਾ ਚੋਣਾਂ 2024 ਦੇ ਦੌਰਾਨ ਮਤਦਾਨ ਦੀ ਦਰ 70 ਫ਼ੀਸਦੀ ਤੋਂ ਪਾਰ ਕਰਨ ਲਈ ਲਗਾਤਾਰ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਤਹਿਤ ਜਿੱਥੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਜਿੱਥੇ ਪਿੰਡਾਂ ‘ਚ ਚੋਣਾਂ ਦੀ ਪਾਠਸ਼ਾਲਾ ਲਗਾ ਕੇ ਪਿੰਡਾਂ ਦੀਆਂ ਸੱਥਾਂ ‘ਚ ਲੋਕਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਵਿਦਿਆਰਥੀਆਂ ਨੂੰ ਇਸ ਚੋਣਾਂ ਦੇ ਇਸ ਤਿਓਹਾਰ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਸਹਾਇਕ ਰਿਟਰਨਿੰਗ ਅਫ਼ਸਰ ਭਦੌੜ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਕੈਂਪਸ ਢਿਲਵਾਂ ਵਿਖੇ ਅੱਜ ਵਿਸ਼ੇਸ਼ ਨੌਜਵਾਨ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਅਤੇ ਦੇਸ਼ ਦੇ ਵਿਕਾਸ ਲਈ ਵੋਟ ਕਿਸੇ ਵੀ ਨਿੱਜੀ ਫਾਇਦੇ ਤੋਂ ਬਗੈਰ ਪਾਉਣ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਪਾਈ ਵੋਟ ਹੀ ਸਮਾਜ ਦਾ ਸੁਧਾਰ ਕਰੇਗੀ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਉੱਤੇ ਪਾਵੇਗੀ।
ਇਸ ਮੌਕੇ ਚੋਣਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਸੁਨੇਹਾ ਆਪਣੇ ਘਰਾਂ ‘ਚ ਲੈ ਕੇ ਜਾਣ ਅਤੇ ਆਪਣੇ ਮਾਤਾ ਪਿਤਾ ਨੂੰ ਸਹੀ ਉਮੀਦਵਾਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਸਹੁੰ ਚੁੱਕੀ ਕਿ ਲੋਕਤੰਤਰ ‘ਚ ਪੂਰਾ ਵਿਸ਼ਵਾਸ ਰੱਖਦੇ ਹੋਇਆ ਉਹ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪਰੰਪਰਾਵਾਂ ਦੀ ਮਰਿਆਦਾ ਨੂੰ ਕਾਇਮ ਰੱਖਣਗੇ
ਅਤੇ ਆਜ਼ਾਦ, ਨਿਰਪੱਖ ਅਤੇ ਪੂਰਨ ਚੋਣਾਂ ਦੀ ਮਰਿਆਦਾ ਨੂੰ ਬਰਕਰਾਰ ਰੱਖਣਗੇ ।
ਇਸੇ ਤਰ੍ਹਾਂ ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉੱਪ ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਬਰਜਿੰਦਰ ਪਾਲ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਖਿਆਲੀ, ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ, ਸਰਕਾਰੀ ਹਾਈ ਸਕੂਲ ਸਹੌਰ, ਸਰਕਾਰੀ ਪ੍ਰਾਇਮਰੀ ਮਹਿਲ ਕਲਾਂ, ਸਟੈਂਡਰਡ ਕੰਬਾਈਨ ਹੰਡਿਆਇਆ ਆਦਿ ਵਿਖੇ ਸਕੂਲੀ ਵਿਦਿਆਰਥੀ, ਉਨ੍ਹਾਂ ਦੇ ਮਾਤਾ ਪਿਤਾ, ਪਿੰਡ ਵਾਸੀਆਂ ਅਤੇ ਸਟੈਂਡਰਡ ਕੰਬਾਈਨ ਵਿਖੇ ਕਰਮਚਾਰੀਆਂ ਨੂੰ ਵੋਟ ਦੀ ਵਰਤੋਂ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ 1 ਜੂਨ ਨੂੰ ਪੰਜਾਬ ‘ਚ ਪੈਣ ਵਾਲਿਆਂ ਵੋਟਾਂ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਮਤਦਾਤਾ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਣੇ ਮਤਦਾਨ ਦਾ ਇਸਤਮਾਲ ਯਕੀਨੀ ਅਤੇ ਸਹੀ ਢੰਗ ਨਾਲ ਕਰੀਏ। ਨਾਲ ਹੀ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਮਤਦਾਨ ਕਰਨ ਲਈ ਲਾਈਨ ‘ਚ ਲੱਗ ਕੇ ਈ. ਵੀ. ਐੱਮ. ਮਸ਼ੀਨ ਦੀ ਵਰਤੋਂ ਕਰਦਿਆਂ ਵੋਟ ਪਾਉਣੀ ਹੈ।