09 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਮੀਟਿੰਗ ਹਾਲ ਦਫ਼ਤਰ ਡਿਪਟੀ ਕਮਿਸ਼ਨਰ, ਬਰਨਾਲਾ ਵਿਖੇ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਜ਼ਿਲ੍ਹਾ ਬਰਨਾਲਾ ਦੇ ਸਮੂਹ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਜ਼ ਵੱਲੋਂ ਤਿੰਨੋ ਵਿਧਾਨ ਸਭਾ ਹਲਕਿਆਂ 102-ਭਦੌੜ(ਅ.ਜ), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ) ਦੇ ਹਲਕਾ ਪੱਧਰੀ ਮਾਸਟਰ ਟ੍ਰੇਨਰਜ਼ ਅਤੇ ਸਮੂਹ ਸੈਕਟਰ ਅਫ਼ਸਰ/ਸੁਪਰਵਾਈਜਰ ਸਹਿਬਾਨ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਜ਼ ਸ਼੍ਰੀ ਸੰਜੇ ਸਿੰਗਲਾ (ਪ੍ਰਿੰਸੀਪਲ), ਸ਼੍ਰੀ ਹਰੀਸ਼ ਕੁਮਾਰ (ਪ੍ਰਿੰਸੀਪਲ), ਸ਼੍ਰੀ ਰਾਕੇਸ਼ ਕੁਮਾਰ (ਪ੍ਰਿੰਸੀਪਲ), ਸ਼੍ਰੀ ਰਾਜੇਸ਼ ਕੁਮਾਰ (ਪ੍ਰਿੰਸੀਪਲ) ਅਤੇ ਸ੍ਰੀ ਜਸਵਿੰਦਰ ਸਿੰਘ (ਲੈਕਚਰਾਰ) ਵੱਲੋਂ ਪੋਲਿੰਗ ਸਟਾਫ ਦੀਆਂ ਅਤੇ ਸੈਕਟਰ ਅਫ਼ਸਰਾਂ/ਸੁਪਰਵਾਈਜਰਾਂ ਦੀ ਡਿਊਟੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਸੈਕਟਰ ਅਫ਼ਸਰਾਂ ਅਤੇ ਏ.ਐਲ.ਐਮ.ਟੀਜ਼ ਨੂੰ ਅਲਾਟ ਕੀਤੇ ਬੂਥਾਂ ਉੱਪਰ ਨਿਭਾਈਆਂ ਜਾਣ ਵਾਲੀਆਂ ਡਿਊਟੀਆਂ ਬਾਰੇ ਜਾਣੂ ਕਰਵਾਇਆ ਗਿਆ। ਪੋਲਿੰਗ ਵਾਲੇ ਦਿਨ ਤੋਂ ਪਹਿਲਾਂ ਦੀ ਤਿਆਰੀ, ਪੋਲਿੰਗ ਵਾਲੇ ਦਿਨ ਦੇ ਕੰਮ ਅਤੇ ਪੋਲਿੰਗ ਸਮਾਪਤ ਹੋਣ ਉਪਰੰਤ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਈ।
ਹਰੇਕ ਪ੍ਰਕਾਰ ਦੇ ਫਾਰਮ ਨੂੰ ਭਰਨਾ ਅਤੇ ਚੈੱਕਲਿਸਟ ਅਨੁਸਾਰ ਕੰਮ ਨੂੰ ਸਹੀ ਅਤੇ ਸਮੇਂ ਸਿਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਦੀ ਪ੍ਰੈਕਟੀਕਲ ਵਰਕਸ਼ਾਪ ਲਗਾਈ ਗਈ ਅਤੇ ਟ੍ਰੇਨਿੰਗ ਲੈਣ ਵਾਲੇ ਅਧਿਕਾਰੀਆਂ ਦੇ ਸੰਦੇਹ/ਸ਼ੱਕਾਂ ਨੂੰ ਦੂਰ ਕੀਤਾ ਗਿਆ। ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਅੜਚਨ/ਪ੍ਰੇਸ਼ਾਨੀ ਆਉਣ ਦੀ ਸੂਰਤ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਦੱਸਿਆ ਗਿਆ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਚੋਣ ਕਾਨੂੰਗੋ ਸ਼੍ਰੀ ਮਨਜੀਤ ਸਿੰਘ ਅਤੇ ਉਨ੍ਹਾ ਦੀ ਟੀਮ ਵੱਲੋਂ ਇਸ ਟ੍ਰੇਨਿੰਗ ਦੌਰਾਨ ਪ੍ਰਬੰਧ ਕੀਤੇ ਗਏ।