–ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਵੱਲੋਂ ਤਿਆਰ ਕੀਤੀ ਗਈ 40 ਮਿੰਟ ਦੀ ਵੀਡੀਓ ਹੋਵੇਗੀ ਸਹਾਈ, ਪੂਨਮਦੀਪ ਕੌਰ
27 ਮਈ (ਗਗਨਦੀਪ ਸਿੰਘ) ਬਰਨਾਲਾ: ਲੋਕ ਸਭਾ ਚੋਣਾਂ 2024 ਤਹਿਤ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਚੋਣ ਅਮਲੇ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਵੀਡੀਓ ਜਾਰੀ ਕੀਤੀ ਗਈ ਹੈ। ਇਸ ਵੀਡੀਓ ‘ਚ ਚੋਣ ਅਮਲੇ ਵੱਲੋਂ ਚੋਣ ਸਮੇਂ ਕੀਤੇ ਜਾਣ ਵਾਲੇ ਕੰਮ, ਫਾਰਮ ਭਰਨੇ ਆਦਿ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਵੀਡੀਓ ‘ਚ ਪੋਲਿੰਗ ਪਾਰਟੀ ਦੇ ਪੋਲਿੰਗ ਸਟੇਸ਼ਨ ‘ਤੇ ਪੁੱਜ ਕੇ ਚੋਣਾਂ ਮਗਰੋਂ ਸਾਰਾ ਸਮਾਨ ਸਮੇਟ ਕੇ ਜਮ੍ਹਾਂ ਕਰਵਾਉਣ ਸਬੰਧੀ ਪੂਰੀ ਜਾਣਕਾਰੀ ਮੌਜੂਦ ਹੈ। ਉਨ੍ਹਾਂ ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸ. ਸਤਵੰਤ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੋਣਾਂ ਦੇ ਲੰਬੇ ਵਿਧੀਵਤ ਤਰੀਕੇ ਨੂੰ ਬੜੀ ਹੀ ਆਸਾਨ ਅਤੇ ਦਿਲਚਸਪ ਤਰੀਕੇ ਨਾਲ ਦਰਸਾਇਆ ਗਿਆ ਹੈ।
ਇਸ ਵੀਡੀਓ ‘ਚ ਐਕਟਿੰਗ ਕਰਨ ਵਾਲੇ ਕਲਾਕਾਰ ਵੀ ਅਸਲ ਵਿਚ ਚੋਣ ਅਮਲੇ ਚੋਂ ਹੀ ਹਨ, ਜਿਨ੍ਹਾਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਚੋਣ ਡਿਊਟੀ ਦਿੱਤੀ ਜਾਣੀ ਹੈ। ਚੋਣ ਪ੍ਰਕਿਰਆ ਦੌਰਾਨ ਵਰਤੇ ਜਾਣ ਵਾਲੇ ਫਾਰਮ ਵੀ ਵੀਡੀਓ ‘ਚ ਵਿਖਾਏ ਗਏ ਹਨ ਤਾਂ ਜੋ ਹਰ ਇੱਕ ਚੋਣ ਕਰਮਚਾਰੀ ਨੂੰ ਵੱਖ ਵੱਖ ਵਿਸ਼ਿਆ ਨੂੰ ਲੈ ਕੇ ਸਾਰੀਆਂ ਗੱਲਾਂ ਸਪੱਸ਼ਟ ਰਹਿਣ।
ਵੀਡੀਓ ‘ਚ ਨਾ ਕੇਵਲ ਚੋਣ ਅਮਲੇ ਲਈ ਬਲਕਿ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਬੜੀ ਭਰਪੂਰ ਜਾਣਕਾਰੀ ਹੈ। ਇਸ ‘ਚ ਚੋਣ ਦੌਰਾਨ ਪੋਲਿੰਗ ਬੂਥਾਂ ‘ਚ ਮੋਬਾਇਲ ਫੋਨ ਦੀ ਵਰਤੋਂ, ਪ੍ਰਸ਼ਾਸਨ ਵੱਲੋਂ ਚੋਣ ਅਮਲੇ ਲਈ ਕੀਤੇ ਗਏ ਰੋਟੀ ਪਾਣੀ ਦੇ ਪ੍ਰਬੰਧ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਸਬੰਧੀ ਵੇਰਵੇ ਆਦਿ ਜਾਣਕਾਰੀ ਭਰਪੂਰ ਪੇਸ਼ਕਾਰੀ ਕੀਤੀ ਗਈ ਹੈ।
ਇਹ ਵੀਡਿਓ ਜ਼ਿਲ੍ਹਾ ਚੋਣ ਅਫ਼ਸਰ ਦੇ ਫੇਸਬੁੱਕ ਪੇਜ, ਇੰਸਟਾਗ੍ਰਾਮ, ਐਕਸ ਅਤੇ ਯੂਟਿਊਬ ਉੱਤੇ ਅਪਲੋਡ ਕੀਤੀ ਗਈ ਹੈ ਤਾਂ ਜੋ ਵੱਧ ਵੱਧ ਲੋਕ ਇਸ ਦਾ ਲਾਹਾ ਲੈਣ। ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਬਰਨਾਲਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਇਸ ਵਾਰ 70 ਫੀਸਦ ਤੋਂ ਵੱਧ ਵੋਟਾਂ ਭੁਗਤਾ ਕੇ ਨਵਾਂ ਰਿਕਾਰਡ ਕਾਇਮ ਕਰਨ।