–ਜ਼ਿਲ੍ਹਾ ਚੋਣ ਅਫ਼ਸਰ ਨੇ ਦਿੱਤੇ ਸੰਵੇਦਨਸ਼ੀਲ ਇਲਾਕਿਆਂ ‘ਚ ਪੁਲਿਸ ਤਾਇਨਾਤੀ ਸਬੰਧੀ ਨਿਰਦੇਸ਼
10 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਲੋਕ ਸਭਾ ਚੋਣਾਂ ਸਬੰਧੀ ਵਲਨਰਬਲ ਪੋਲਿੰਗ ਬੂਥਾਂ ਬਾਰੇ ਅਹਿਮ ਬੈਠਕ ਜ਼ੀਖਾ ਚੋਣ ਅਫ਼ਸਰ – ਕਮ- ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਦੀ ਅਗਵਾਈ ਹੇਠ ਕੀਤੀ ਗਈ ।
ਬੈਠਕ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਨਿਰਦੇਸ਼ ਦਿੱਤੇ ਕਿ ਉਨ੍ਹਾਂ ਇਲਾਕਿਆਂ ਦੀ ਪਛਾਣ ਕਰ ਲਈ ਜਾਵੇ ਜ਼ਿੱਥੇ ਕਿਸੇ ਵੀ ਗ਼ਲਤ ਤਰੀਕੇ ਨਾਲ ਵੋਟਾਂ ਪਾਉਣ ਤੋਂ ਰੋਕੇ ਜਾਣ ਜਾਂ ਵੋਟਾਂ ਕਿਸੇ ਦਬਾਅ ਹੇਠ ਪਵਾਉਣ ਦਾ ਖ਼ਦਸ਼ਾ ਹੋਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੀ ਪਛਾਣ ਕਰਕੇ ਇੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੈਕਟਰ ਅਫ਼ਸਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨਾਲ ਹੀ ਨਿਰਦੇਸ਼ ਦਿੱਤੇ ਕਿ ਸੰਵੇਦਨਸ਼ੀਲ ਖੇਤਰਾਂ ਦੀ ਵੀ ਪਛਾਣ ਕਰ ਲਈ ਜਾਵੇ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਇਸ ਸਬੰਧੀ ਡਾਟਾ ਦਿੱਤਾ ਜਾ ਸਕੇ ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਹਰ ਇਕ ਸਿਵਲ ਪ੍ਰਸ਼ਾਸਨ ਨਾਲ ਇੱਕ ਪੁਲਿਸ ਪ੍ਰਸ਼ਾਸਨ ਦੇ ਸੈਕਟਰ ਅਫ਼ਸਰ ਨਿਯੁਕਤ ਕੀਤੇ ਜਾਣਗੇ । ਉਨ੍ਹਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ ਹਲਕਿਆਂ ‘ਚ ਪਿਛਲੇ ਸਮੇਂ ਦੌਰਾਨ ਚੋਣਾਂ ਵੇਲੇ ਹੋਈਆਂ ਵਾਰਦਾਤਾਂ ਬਾਰੇ ਜਾਣਕਾਰੀ ਲੈਣ ਅਤੇ ਇਸ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਨ।
ਇਸ ਬੈਠਕ ‘ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ, ਪੁਲਿਸ ਅਧਿਕਾਰੀ ਡਾ. ਮਾਨਵਜੀਤ ਸਿੰਘ, ਸਤਵੀਰ ਸਿੰਘ, ਪਰਮਪਾਲ ਸਿੰਘ, ਚੋਣ ਤਹਿਸੀਲਦਾਰ ਹਰਜਿੰਦਰ ਕੌਰ ਅਤੇ ਹੋਰ ਲੋਕ ਹਾਜ਼ਰ ਸਨ ।