08 ਮਈ (ਰਵਿੰਦਰ ਸਿੰਘ ਖਿਆਲਾ) ਮਾਨਸਾ: ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਭਰ ਦੀਆਂ ਟਰੇਡ ਜਥੇਬੰਦੀਆਂ ਦੇ ਸੱਦੇ ‘ਤੇ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ(ਭਾਰਤ ਬੰਦ) ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੇ ਸੰਵਿਧਾਨਕ ਹੱਕ ‘ਤੇ ਡਾਕਾ ਮਾਰਦਿਆਂ ਉਹਨਾਂ ਦੀ ਹੜਤਾਲ ਵਾਲੇ ਦਿਨ ਦੀ ਤਨਖ਼ਾਹ ਕੱਟਣ ਵਾਲੇ ਹਰਿੰਦਰ ਸਿੰਘ ਭੁੱਲਰ, ਪ੍ਰਿੰਸੀਪਲ, ਫੱਤਾ ਮਾਲੋਕਾ, ਕੰਵਲਜੀਤ ਕੌਰ, ਪ੍ਰਿੰਸੀਪਲ ਅੱਕਾਂਵਾਲੀ, ਮਦਨ ਲਾਲ ਕਟਾਰੀਆ, ਪ੍ਰਿੰਸੀਪਲ, ਬੁਰਜਹਰੀ, ਅਨੀਤਾ ਰਾਣੀ, ਹੈੱਡ ਮਿਸਟ੍ਰੈਸ ਕਾਹਨੇਵਾਲਾ ਦੇ ਵਿਰੋਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ 16 ਫਰਵਰੀ ਦੀ ਹੜਤਾਲ ਸਬੰਧੀ ਬਣਾਏ ਅਧਿਆਪਕਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ,ਸੰਯੁਕਤ ਕਿਸਾਨ ਮੋਰਚੇ ਅਤੇ ਭਰਾਤਰੀ ਮਜ਼ਦੂਰ,ਵਿਦਿਆਰਥੀ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਰੋਹ ਭਰਪੂਰ ਰੈਲੀ ਬਾਲ ਭਵਨ ਮਾਨਸਾ ਵਿਖੇ ਕੀਤੀ ਗਈ। ਰੈਲੀ ਉਪਰੰਤ ਉਕਤ ਅਧਿਕਾਰੀਆਂ ਦੀ ਅਰਥੀ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡੀ ਟੀ ਐਫ਼ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ 16 ਫਰਵਰੀ ਦੇ ਭਾਰਤ ਬੰਦ ਦਾ ਸੱਦਾ ਦੇਸ਼ ਦੇ ਕਿਸਾਨ, ਮਜ਼ਦੂਰ,ਮੁਲਾਜ਼ਮ,ਵਿਦਿਆਰਥੀ ਸਮੇਤ ਹੋਰ ਅਨੇਕਾਂ ਤਬਕਿਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਸੀ ਜਿਸ ਵਿੱਚ ਅਧਿਆਪਕਾਂ ਨੇ ਵੀ ਹੜਤਾਲ ਕਰਕੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਡੀ ਟੀ ਐਫ਼ ਦੇ ਜਿਲ੍ਹਾ ਸਕੱਤਰ ਹਰਜਿੰਦਰ ਅਨੂਪਗੜ ਨੇ ਕਿਹਾ ਕਿ ਪੰਜਾਬ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਨੇ ਹੜਤਾਲ ਕੀਤੀ। ਜ਼ਿਲ੍ਹੇ ਵਿੱਚ ਵੀ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹੜਤਾਲ ਕੀਤੀ। ਉਕਤ ਅਧਿਕਾਰੀਆਂ ਨੂੰ ਛੱਡ ਕੇ ਜ਼ਿਲ੍ਹੇ ਵਿੱਚ ਹੋਰ ਕਿਸੇ ਵੀ ਅਧਿਕਾਰੀ ਨੇ ਹੜਤਾਲੀ ਅਧਿਆਪਕਾਂ ਦੀ ਤਨਖਾਹ ਕਟੌਤੀ ਨਹੀਂ ਕੀਤੀ। ਗੁਰਤੇਜ ਉਭਾ, ਰਾਜਵਿੰਦਰ ਬੈਹਣੀਵਾਲ ਅਤੇ ਗੁਰਦੀਪ ਬਰਨਾਲਾ ਆਗੂਆਂ ਨੇ ਕਿਹਾ ਕਿ ਅਜਿਹਾ ਕਰਕੇ ਇਹਨਾਂ ਅਧਿਕਾਰੀਆਂ ਨੇ ਆਪਣਾ ਲੋਕ ਵਿਰੋਧੀ ਕਿਰਦਾਰ ਉਜਾਗਰ ਕੀਤਾ ਹੈ ਅਤੇ ਇਹ ਜਨਤਕ ਮੁੱਦਿਆਂ ਨੂੰ ਲੋਕ ਸੰਘਰਸ਼ ਦੇ ਜ਼ਰੀਏ ਹੱਲ ਕਰਾਉਣ ਲਈ ਬਣ ਰਹੀ ਲੋਕ ਲਹਿਰ ਦੇ ਵਿਰੋਧ ਵਿੱਚ ਭੁਗਤ ਕੇ ਦੇਸ਼ ਦੀ ਸਮੁੱਚੀ ਲੋਕਾਈ ਦੇ ਵਿਰੋਧ ਵਿੱਚ ਭੁਗਤੇ ਹਨ। ਇਹਨਾਂ ਅਧਿਕਾਰੀਆਂ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਅਧਿਕਾਰੀਆਂ ਦਾ ਅਸਲੀ ਚਿਹਰਾ ਲੋਕਾਂ ਦੀ ਕਚਿਹਰੀ ਵਿੱਚ ਬੇਪਰਦ ਕੀਤਾ ਜਾਵੇ।ਗੁਰਦੀਪ ਝੰਡੂਕੇ, ਰਾਜਿੰਦਰ ਸਿੰਘ ਅਤੇ ਗੁਰਪ੍ਰੀਤ ਭੀਖੀ ਆਗੂਆਂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੱਟੀ ਤਨਖਾਹ ਵਾਪਸ ਨਾ ਕੀਤੀ ਤਾਂ ਜਥੇਬੰਦੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਪੱਧਰੀ ਐਕਸ਼ਨ ਕਰੇਗੀ।ਇਸ ਮੌਕੇ ਕੁਲਦੀਪ ਅੱਕਾਂਵਾਲੀ, ਮੱਘਰ ਸਿੰਘ, ਦਮਨਜੀਤ ਸਿੰਘ, ਸੁਖਚੈਨ ਸੇਖੋਂ, ਤਰਸੇਮ ਬੋੜਾਵਾਲ,ਰੋਹਿਤ ਕੁਮਾਰ, ਮਨਦੀਪ ਕੁਮਾਰ, ਹਰਵਿੰਦਰ ਸਿੰਘ ਅਤੇ ਸੁੱਖਵਿੰਦਰ ਗਾਮੀਵਾਲਾ ਆਦਿ ਅਧਿਆਪਕ ਹਾਜ਼ਰ ਸਨ |