ਆਰ. ਟੀ. ਏ. ਬਰਨਾਲਾ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੱਟੇ ਗਏ ਚਲਾਨ
01 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਨੇ ਸਾਲ 2024 ਲਈ 15 ਜਨਵਰੀ, 2024 ਤੋਂ 14 ਫਰਵਰੀ, 2024 ਤੱਕ ਦੀ ਮਿਆਦ ਨੂੰ ਸੜਕ ਸੁਰੱਖਿਆ ਮਹੀਨੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।
ਇਸ ਤਹਿਤ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਪੰਜਾਬ ਸਰਕਰ ਵੱਲੋਂ ਮਨਾਇਆ ਜਾ ਰਿਹਾ ਹੈ। ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਮੌਤ ਦਰ ਨੂੰ ਘਟਾਉਣ ਲਈ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਆਰ.ਟੀ.ਓ. ਬਰਨਾਲਾ ਸ਼੍ਰੀ ਕਰਨਬੀਰ ਛੀਨਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਵੱਖ – ਵੱਖ ਨਿਯਮਾਂ ਤਹਿਤ ਕੁੱਲ 20 ਚਲਾਨ ਕੱਟੇ ਗਏ। ਉਹਨਾਂ ਦੱਸਿਆ ਕਿ ਆਈ.ਟੀ.ਆਈ. ਚੌਂਕ ਅਤੇ ਟੀ ਪੁਆਇੰਟ ਬਰਨਾਲਾ ਵਿਖੇ ਬਿਨਾਂ ਹੈਲਮੇਟ, ਬਿਨਾਂ ਸੀਟਬੈਲਟ, ਓਵਰਸਪੀਡ, ਓਵਰਲੋਡਿੰਗ, ਪ੍ਰੈਸ਼ਰ ਹਾਰਨ, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਆਦਿ ਦੇ ਚਲਾਨ ਕੱਟੇ ਗਏ।
ਉਹਨਾਂ ਕਿਹਾ ਕਿ ਸੜਕ ਸੁਰੱਖਿਆ ਭਾਰਤ ਵਿੱਚ ਇੱਕ ਗੰਭੀਰ ਚਿੰਤਾ ਦਾ ਖੇਤਰ ਹੈ। ਹਰ ਸਾਲ ਭਾਰਤ ਵਿੱਚ ਲਗਭਗ 4,50,000 ਸੜਕ ਦੁਰਘਟਨਾਵਾਂ ਅਤੇ ਲਗਭਗ 150,000 ਸੜਕੀ ਮੌਤਾਂ ਹੁੰਦੀਆਂ ਹਨ, ਜਿਸ ਵਿੱਚ 50% ਤੋਂ ਵੱਧ । ਮੌਤਾਂ ਨੌਜਵਾਨ ਆਬਾਦੀ ਦੀਆਂ ਹੁੰਦੀਆਂ ਹਨ। ਇਸ ਨਾਲ ਨਾ ਸਿਰਫ਼ ਮਨੁੱਖੀ ਦੁੱਖ ਹੁੰਦਾ ਹੈ, ਸਗੋਂ ਆਰਥਿਕਤਾ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ। ਤਾਂ ਜੋ ਵੱਧ ਤੋ ਵੱਧ ਲੋਕ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕੀ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਗੁਰਚਰਨ ਜੈਦਕਾ, ਮਨਪ੍ਰੀਤ ਸ਼ਰਮਾ ਅਤੇ ਸਤਪਾਲ ਸਿੰਘ ਵੀ ਮੌਜੂਦ ਸਨ।