20 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਵੱਲੋਂ ਸਾਂਝੇ ਤੌਰ ‘ਤੇ ਇਨਕਲਾਬੀ ਲਹਿਰ ਦੇ ਉੱਘੇ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਸਾਹਿਤਕ ਸਮਾਗਮ ਕਰਕੇ ਮਨਾਇਆ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਸਕੂਲ ਮੁਖੀ ਮਨਜੀਤ ਕੌਰ ਮਾਨ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੀ ਸ਼ੁਰੂਆਤ ਲੋਕ ਕਵੀ ਸੰਤ ਰਾਮ ਉਦਾਸੀ ਦੀ ਤਸਵੀਰ ਸਾਹਮਣੇ ਸ਼ਮਾ ਰੌਸ਼ਨ ਕਰਕੇ ਅਤੇ ਉਨ੍ਹਾਂ ਦੀ ਤਸਵੀਰ ਨੂੰ ਫੁੱਲਮਾਲਾ ਅਰਪਿਤ ਕਰਕੇ ਕੀਤੀ ਗਈ।
ਸਮਾਗਮ ‘ਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਆਪਣੇ ਸੰਬੋਧਨ ‘ਚ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਉਨਾਂ ਦੇ ਸੰਘਰਸ਼ ਭਰੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ।ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਨੇ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀਆਂ
ਰਚਨਾਵਾਂ ਨਾਲ ਪਿੰਡ ਰਾਏਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ।ਉਹਨਾਂ ਆਪਣੇ ਪਿਤਾ ਦਾ ਲਿਖਿਆ ਗੀਤ ਵੀ ਗਾਇਆ।
ਸਕੂਲ ਮੁਖੀ ਮਨਜੀਤ ਕੌਰ ਮਾਨ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਦੇ ਜੀਵਨ ਤੋਂ ਸੇਧ ਲੈਂਦਿਆਂ ਉਸਾਰੂ ਸਾਹਿਤ ਪੜ੍ਹਨ ਲਈ ਪ੍ਰੇਰਿਆ।ਸਮਾਗਮ ‘ਚ ਸਕੂਲ ਦੇ ਵਿਦਿਆਰਥੀਆਂ ਗੁਰਵੀਰ ਕੌਰ, ਪ੍ਰਭਜੋਤ ਕੌਰ, ਰੀਤ ਕੌਰ, ਸਾਹਿਲਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਜਸਪ੍ਰੀਤ ਕੌਰ ਨੇ ਉਦਾਸੀ ਦੇ ਇਨਕਲਾਬੀ ਗੀਤ ਪੇਸ਼ ਕੀਤੇ।
ਇਸ ਮੌਕੇ ਸਕੂਲ ਦੀ ਪੰਜਾਬੀ ਅਧਿਆਪਕਾ ਹਰਪ੍ਰੀਤ ਕੌਰ ਨੇ ਸੰਤ ਰਾਮ ਉਦਾਸੀ ਦਾ ਲਿਖਿਆ ਗੀਤ ‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ’ ਗਾ ਕੇ ਬਹੁਤ ਹੀ ਭਾਵੁਕ ਮਾਹੌਲ ਸਿਰਜਿਆ।
ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ (ਰਜਿ) ਰਾਏਸਰ ਦੇ ਪ੍ਰਧਾਨ ਜਗਮੋਹਣ ਸ਼ਾਹ ਰਾਏਸਰ ਨੇ ਕਿਹਾ ਕਿ ਉਦਾਸੀ ਦੀ ਕਲਮ ‘ਚੋਂ ਉੱਕਰੇ ਸ਼ਬਦ ਅਖੁੱਟ ਖਜ਼ਾਨਾ ਹਨ ਇਸਨੂੰ ਮਿਹਨਤਕਸ਼ ਲੋਕਾਂ ਨੇ ਸੰਭਾਲਣਾ ਹੈ।
ਇਸ ਮੌਕੇ ਗੁਰਜੀਤ ਸਿੰਘ ਬੇਰ ਵਾਲੇ, ਬਲਵੀਰ ਸਿੰਘ ਧਾਲੀਵਾਲ, ਸੁਰਿੰਦਰ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਕੂਲ ਦੀ ਐੱਸ. ਐੱਮ. ਸੀ. ਕਮੇਟੀ ਦੇ ਚੇਅਰਮੈਨ ਰਣਧੀਰ ਸਿੰਘ, ਮੈਂਬਰ ਮਨਦੀਪ ਕੌਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੰਚ ਸੰਚਾਲਨ ਦੀ ਜਿੰਮੇਵਾਰੀ ਸ੍ਰੀਮਤੀ ਸਿਮਨਜੀਤ ਕੌਰ ਨੇ ਨਿਭਾਈ। ਅਖੀਰ ਵਿੱਚ ਮਾਸਟਰ ਨਿਰਮਲ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਸਮੂਹ ਸਖਸ਼ੀਅਤਾਂ,ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ:
1.ਲੋਕ ਕਵੀ ਸੰਤ ਰਾਮ ਉਦਾਸੀ ਦੀ ਤਸਵੀਰ ਸਾਹਮਣੇ ਸ਼ਮਾ ਰੌਸ਼ਨ ਕਰਦੇ ਉਹਨਾਂ ਦੀ ਬੇਟੀ ਅਤੇ ਹੋਰ।
2. ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਸਖਸ਼ੀਅਤਾਂ