20 ਅਪ੍ਰੈਲ (ਕਰਨ ਭੀਖੀ) ਮਾਨਸਾ: ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਵੱਲੋਂ ਮਿਤੀ 18 ਅਪ੍ਰੈਲ 2024 ਨੂੰ ਇਸ ਦੁਨੀਆਂ ਤੋਂ ਅਲਵਿਦਾ ਹੋਣ ਵਾਲੇ ਕੰਪਿਊਟਰ ਅਧਿਆਪਕ ਸਾਥੀ ਸ੍ਰ ਬੂਟਾ ਸਿੰਘ (ਸਸਸਸ ਸ਼ੇਰੋਂ) ਜ਼ਿਲ੍ਹਾ ਸੰਗਰੂਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੀਤੇ ਗਏ ਵਾਅਦੇ ਅਨੁਸਾਰ ਮ੍ਰਿਤਕ ਕੰਪਿਊਟਰ ਅਧਿਆਪਕ ਦੇ ਪਰਿਵਾਰ ਨੂੰ ਬਣਦੇ ਸਾਰੇ ਲਾਭ ਦਿੱਤੇ ਜਾਣ।
ਜਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਵੱਲੋਂ ਦੱਸਿਆ ਗਿਆ ਕਿ ਸਵਰਗਵਾਸੀ ਸ੍ਰ ਬੂਟਾ ਸਿੰਘ ਮਿਤੀ 1 ਅਪ੍ਰੈਲ 2005 ਤੋ ਸਰਵਿਸ ਵਿੱਚ ਆਉਣ ਤੋਂ ਬਾਅਦ ਵਰਤਮਾਨ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਜ਼ਿਲ੍ਹਾ ਸੰਗਰੂਰ ਵਿਖੇ ਤੈਨਾਤ ਸੀ| ਜਨਵਰੀ 2024 ਵਿੱਚ ਪੀਲੀਆ ਵਿਗੜਨ ਤੋਂ ਬਾਅਦ ਲੀਵਰ ਵਿੱਚ ਖਰਾਬੀ ਆਉਣੀ ਸ਼ੁਰੂ ਹੋਈ ਅਤੇ ਆਪਣੇ ਸਵਾਸਾਂ ਦੀ ਪੂੰਜੀ ਭੋਗਦਿਆ ਅੰਤ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਾਥੀ ਦੇ ਪਰਿਵਾਰ ਵਿੱਚ ਪਿੱਛੇ ਬਜ਼ੁਰਗ ਮਾਂ ਬਾਪ, ਧਰਮ ਪਤਨੀ ਤੇ 2 ਬੱਚੇ ਹਨ ਜਿਨ੍ਹਾਂ ਦੇ ਪਰਿਵਾਰ ਦੀ ਕਮਾਈ ਦਾ ਇੱਕੋ ਇੱਕ ਸਹਾਰਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕਾ ਹੈ। ਅਸੀਂ ਪੰਜਾਬ ਸਰਕਾਰ ਤੋਂ ਸਵਰਗਵਾਸੀ ਬੂਟਾ ਸਿੰਘ ਦੇ ਪਰਿਵਾਰ ਦੀ ਮਾਲੀ ਸਹਾਇਤਾ ਦੇ ਤੋਰ ਤੇ ਇਕ ਕਰੋੜ ਰੂਪੈ ਅਤੇ ਬਾਕੀ ਵਿਭਾਗ ਦੇ ਮੁਲਾਜ਼ਮਾਂ ਵਾਂਗ ਉਨ੍ਹਾਂ ਦੀ ਧਰਮ ਪਤਨੀ ਨੂੰ ਤਰਸ ਦੇ ਅਧਾਰ ਤੇ ਸਰਕਾਰੀ ਨੌਕਰੀ ਤੇ ਸਿਵਲ ਸਰਵਿਸਿਜ਼ ਨਿਯਮਾਂ ਦੇ ਤਹਿਤ ਬਣਦੇ ਸਾਰੇ ਲਾਭ ਦੇਣ ਦੀ ਮੰਗ ਕਰਦੇ ਹਾਂ ਕਿਉਂਕਿ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਦਾ ਇੱਕ ਹਿੱਸਾ ਹਨ ਤੇ ਉਨ੍ਹਾਂ ਦੇ ਰੈਗੂਲਰ ਨਿਯੁਕਤੀ ਪੱਤਰਾਂ ਵਿੱਚ ਸਪਸ਼ਟ ਤੌਰ ਤੇ ਪੰਜਾਬ ਸਿਵਲ ਸਰਵਿਸਿਜ਼ ਨਿਯਮ ਲਾਗੂ ਹੋਣ ਦੀ ਗੱਲ ਲਿਖੀ ਗਈ ਹੈ|
ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਜਗਰਾਜ ਸਿੰਘ ਤੇ ਲਖਵੀਰ ਸਿੰਘ ਨੇ ਕਿਹਾ ਕਿ ਅੱਜ 19 ਸਾਲਾਂ ਦੀ ਸਰਵਿਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਤੇ ਅਫ਼ਸਰਸ਼ਾਹੀ ਨੇ ਸੁਸਾਇਟੀ ਦੇ ਨਾਂ ਤੇ ਉਨ੍ਹਾਂ ਦੀਆਂ ਜ਼ਾਇਜ ਤੇ ਹੱਕੀ ਮੰਗਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਜਿਸ ਕਰਕੇ ਪਿਛਲੇ 13 ਸਾਲਾਂ ਵਿੱਚ 100 ਦੇ ਕਰੀਬ ਕੰਪਿਊਟਰ ਅਧਿਆਪਕ ਸਾਥੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਉਨ੍ਹਾਂ ਦੇ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਹੇ ਹਨ| ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਅਗਨੀ ਵੀਰ ਦੀ ਤਰ੍ਹਾਂ ਹੀ ਹਨ| ਉਨ੍ਹਾਂ ਤੋਂ ਡਿਊਟੀ ਤਾਂ ਸਾਰੀ ਸਿੱਖਿਆ ਵਿਭਾਗ ਵਾਲੀ ਲਈ ਜਾਂਦੀ ਹੈ ਪਰ ਸਹੂਲਤਾਂ ਦੇ ਨਾਮ ਤੇ ਉਨ੍ਹਾਂ ਨੂੰ ਸੁਸਾਇਟੀ ਦੇ ਮੁਲਾਜ਼ਮ ਕਹਿ ਕੇ ਉਨ੍ਹਾਂ ਦਾ ਮਾਨਸਿਕ ਤੇ ਆਰਥਿਕ ਸ਼ੋਸਣ ਕੀਤਾ ਜਾਂਦਾ ਹੈ।
ਜਨਰਲ ਸੈਕਟਰੀ ਮਲਕੀਤ ਸਿੰਘ ਤੇ ਸ਼ਸੀ ਕਾਠ ਨੇਂ ਐਲਾਨ ਕੀਤਾ ਕਿ ਕੰਪਿਊਟਰ ਅਧਿਆਪਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਆਪਣੇ ਸਾਥੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਵੱਡੇ ਪੱਧਰ ਤੇ ਸੰਘਰਸ਼ ਦਾ ਐਲਾਨ ਕਰਨਗੇ। ਜਿਸਦੀ ਜਿੰਮ੍ਹੇਵਾਰ ਮੌਜੂਦਾ ਸਰਕਾਰ ਹੋਵੇਗੀ|
ਮ੍ਰਿਤਕ ਕੰਪਿਊਟਰ ਅਧਿਆਪਕ ਦੇ ਵਾਰਿਸਾਂ ਨੂੰ ਦਿੱਤੇ ਜਾਣ ਬਣਦੇ ਸਾਰੇ ਲਾਭ
Leave a comment