5 ਦਸੰਬਰ (ਗਗਨਦੀਪ ਸਿੰਘ) ਬਠਿੰਡਾ: ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ ਰਜਿ: ਬਠਿੰਡਾ ਵੱਲੋਂ ਪ੍ਰਧਾਨ ਜਗਤਾਰ ਸਿੰਘ ਅਣਜਾਣ ਦੀ ਅਗਵਾਈ ਹੇਠ ਚਾਰ ਰੋਜ਼ਾ ਦੂਜਾ ਮੇਲਾ ਜਾਗਦੇ ਜੁਗਨੂੰਆਂ ਦਾ ਸਿਹਤਮੰਦ ਸਮਾਜ ਸਿਰਜਣ, ਚੰਗਾ ਸਾਹਿਤ ਪੜ੍ਹਨ, ਸ਼ੁੱਧ ਦੇਸੀ ਖਾਣੇ, ਕੁਦਰਤੀ ਖੇਤੀ ਅਪਣਾਉਣ ਦਾ ਹੋਕਾ ਦਿੰਦਿਆਂ ਯਾਦਗਾਰੀ ਹੋ ਨਿਬੜਿਆ। ਮੇਲਾ ਜਾਗਦੇ ਜੁਗਨੂੰਆਂ ਦੇ ਆਖਰੀ ਦਿਨ ਦੀ ਸ਼ੁਰੂਆਤ ਜਗਤਾਰ ਸਿੰਘ ਅਨਜਾਣ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਇਸ ਦੌਰਾਨ ਗੁਰਨੈਬ ਸਾਜਨ ਅਤੇ ਲਾਡੀ ਜਟਾਣਾ ਨੇ ਕਵੀਸ਼ਰੀ ਮੇਲਾ ਜਾਗਦੇ ਜੁਗਨੂੰਆਂ ਦਾ ਵਿੱਚ ਬਠਿੰਡੇ ਲੱਗਿਆ ਭਾਰੀ ,ਗਾਇਕ ਸਾਧੂ ਰੋਮਾਣਾ ਨੇ ਗੀਤ ,ਸਮਾਂ, ਲਾਲ ਚੰਦ ਸਿੰਘ ਅਤੇ ਗੁਰਸੇਵਕ ਚੁੱਘੇ ਖੁਰਦ ਨੇ ਗੀਤ ਤੇ ਕਵਿਤਾ ਸ਼ਮਸ਼ੇਰ ਮੱਲੀ ਨੇ ਪਾਖੰਡੀ ਸਾਧਾਂ ਤੇ ਕਵਿਤਾ ਰਾਹੀਂ ਵਿਅੰਗ ਕੱਸਿਆ ਅਤੇ ਹੋਰ ਕਵੀ ਜਨਾਂ ਨੇ ਕਵਿਤਾਵਾਂ ਪੜ੍ਹੀਆਂ।ਇਸ ਦੌਰਾਨ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ਼ਿਰਕਤ ਕਰਦਿਆਂ ਮੇਲੇ ਦੀਆਂ ਵੱਖ ਵੱਖ ਸਟਾਲਾਂ ਤੇ ਜਾਕੇ ਪੰਜਾਬ ਸਰਕਾਰ ਦੇ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਆਤਮ ਨਿਰਭਰ ਕਰਕੇ ਆਪਣੇ ਘਰਾਂ ਚ ਰਹਿਕੇ ਸ਼ੈਲਫ਼ ਹੈਲਪ ਗਰੁੱਪਾਂ ਰਾਹੀਂ ਆਪਣਾ ਰੁਜ਼ਗਾਰ ਚਲਾਉਣ ਦੀ ਪ੍ਰਸੰਸਾ ਕੀਤੀ ,ਸੁਖਵਿੰਦਰ ਸਿੰਘ ਚੱਠਾ ਨੇ ਵਿਧਾਇਕ ਨੂੰ ਦੱਸਿਆ ਕਿ ਇਸ ਮੇਲੇ ਕਿਤੇ ਵੀ ਫਾਸਟ ਫੂਡ ਦੀ ਸਟਾਲ ਨਹੀਂ ਮਿਲੇਗੀ, ਦੇਸੀ ਖਾਣੇ ਅਤੇ ਪੁਸਤਕਾਂ ਦੀਆਂ ਦੋ ਦਰਜ਼ਨ ਤੋਂ ਵੱਧ ਸਟਾਲਾਂ ਉੱਪਰ ਪੰਜਾਬ ਹੀ ਨਹੀਂ ਬਲਕਿ ਦੂਜੇ ਸੂਬਿਆਂ ਤੋਂ ਵੀ ਪਬਲਿਸਰ ਪਹੁੰਚੇ ਹੋਏ ਹਨ। ਪੁਸਤਕ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਪੁਸਤਕਾਂ ਖਰੀਦੀਆਂ।ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮੇਲਾ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਕਿਹਾ ਕਿ ਉਹ ਪੂਰੇ ਮੇਲੇ ਦੀ ਰੂਪ ਰੇਖਾ ਦੀ ਰਿਪੋਰਟ ਤਿਆਰ ਕਰਕੇ ਮੈਨੂੰ ਭੇਜਣ ਤਾਂ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪੂਰੀ ਰਿਪੋਰਟ ਰੱਖਕੇ ਪੂਰੇ ਪੰਜਾਬ ਵਿੱਚ ਐਸੇ ਮੇਲੇ ਲਗਾਉਣ ਦੀ ਗੱਲ ਕਰ ਸਕਣ। ਮੇਲਾ ਪ੍ਰਬੰਧਕਾਂ ਵੱਲੋਂ ਵਿਧਾਇਕ ਦਾ ਹੌਸਲਾ ਅਫ਼ਜ਼ਾਈ ਕਰਨ ਲਈ ਧੰਨਵਾਦ ਕੀਤਾ। ਇਸ ਉਪਰੰਤ ਸੁਰੇਸ਼ ਕੁਮਾਰ ਗੋਇਲ (ਸਿਵਲ ਜੱਜ ਬਠਿੰਡਾ ਜ਼ਿਲ੍ਹਾ ਲੀਗਲ ਸਰਵਿਸਜ਼ ਅਥਾਰਟੀ) ਨਾਲ ਐਡਵੋਕੇਟ ਰਣਬੀਰ ਸਿੰਘ ਬਰਾੜ ਨੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੇ ਫਾਇਦਿਆਂ ਬਾਰੇ ਖੁੱਲੀ ਤੇ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਰਸ਼ਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਤੋਂ ਜਾਣੂ ਕਰਵਾਇਆ। ਦੁਪਹਿਰ ਦੇ ਸ਼ੈਸ਼ਨ ਦੌਰਾਨ ਵਰਤਮਾਨ ਖੇਤੀ ਭਵਿੱਖੀ ਚਣੌਤੀਆਂ ਤੇ ਸੰਭਾਵਨਾਵਾਂ ਬਾਰੇ ਵਿਸ਼ੇਸ਼ ਗੱਲਬਾਤ ਹੋਈ ਜਿਸ ਵਿੱਚ ਹਰਵਿੰਦਰ ਸਿੰਘ ਜਵੰਧਾ, ਅਮਨਦੀਪ ਸਿੰਘ ਵੜਿੰਗ, ਕਰਮਜੀਤ ਸਿੰਘ ਪੱਤੀ ਸੇਖਵਾਂ, ਗੁਰਜਿੰਦਰ ਸਿੰਘ ਚਹਿਲ ਨਾਲ ਜਗਤਾਰ ਅਣਜਾਣ ਨੇ ਸੰਵਾਦ ਰਚਾਇਆ। ਡਾ. ਪਰਵਿੰਦਰ ਸਿੰਘ ਸੰਧੂ (ਐੱਮ. ਡੀ) ਸਰਕਾਰੀ ਕੈਂਸਰ ਹਸਪਤਾਲ ਬਠਿੰਡਾ ਨਾਲ ਕੈਂਸਰ ਦੇ ਸੰਦਰਭ ਵਿੱਚ ਉਜਾਗਰ ਸਿੰਘ ਢਿੱਲੋਂ ਨੇ ਵਿਸ਼ੇਸ਼ ਵਾਰਤਾ ਕੀਤੀ। ਤੀਜੇ ਪਹਿਰ ਖ਼ੁਸ਼ਕਰਨ ਤੇ ਸਾਥੀ ਕਮੇਡੀਅਨ ਜੋੜੀ ਨੇ ਕਮੇਡੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸ਼ਾਮ ਦੀ ਮਹਿਫ਼ਿਲ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਚੇਚੇ ਤੌਰ ਤੇ ਪਹੁੰਚੇ। ਉਨਾਂ ਨੇ ਵੀ ਸਭ ਤੋਂ ਪਹਿਲਾਂ ਮੇਲੇ ਵਿੱਚ ਲੱਗੀਆਂ ਪੁਰਾਤਨ ਖਾਣੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੀਆਂ ਵਸਤਾਂ ਕੁਦਰਤੀ ਖੇਤੀ ਕਿਸਾਨ ਘਲਾੜੇ ਦਾ ਗੁੜ ਅਤੇ ਪੁਸਤਕ ਪ੍ਰਦਰਸ਼ਨੀ ਦੀਆਂ ਸਟਾਲਾਂ ਉੱਪਰ ਜਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਉਹਨਾਂ ਨਾਲ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਬਠਿੰਡਾ, ਚੇਅਰਮੈਨ ਅੰਮ੍ਰਿਤ ਲਾਲ, ਚੇਅਰਮੈਨ ਨਵਦੀਪ ਸਿੰਘ ਜੀਦਾ,ਭੋਲਾ ਸਿੰਘ ਮਲੂਕਾ ਆਦਿ ਸ਼ਾਮਿਲ ਹੋਏ ਜਿੰਨਾ ਦਾ ਸੁਖਵਿੰਦਰ ਸਿੰਘ ਚੱਠਾ ਨੇ ਜੀ ਆਇਆਂ ਨੂੰ ਆਖਦਿਆਂ ਹੋਇਆ ਮੇਲੇ ਦੀ ਪੂਰੀ ਕਾਰਗੁਜਾਰੀ ਉੱਪਰ ਝਾਤ ਪੁਆਈ। ਮੁੱਖ ਮਹਿਮਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਦੂਜੀ ਵਾਰ ਇਸ ਮੇਲੇ ਵਿੱਚ ਆਏ ਹਨ, ਉਹਨਾਂ ਨੂੰ ਐਸੇ ਮੇਲੇ ਚੰਗੇ ਲੱਗਦੇ ਹਨ ਜਿੱਥੇ ਤੰਦਰੁਸਤ ਸਮਾਜ ਸਿਰਜਣ ਅਤੇ ਪੁਸਤਕਾਂ ਦੀ ਗੱਲ ,ਜਗਤ ਗੁਰੂ ਬਾਬਾ ਨਾਨਕ ਦਾ ਸਨੇਹਾ ਪੌਣ, ਪਾਣੀ, ਧਰਤੀ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦਾ ਜਾਗਦੇ ਜੁਗਨੂੰਆਂ ਵੱਲੋਂ ਹੋਕਾ ਦਿੱਤਾ ਜਾਂਦਾ ਹੋਵੇ। ਉਨ੍ਹਾਂ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਪੰਜਾਬ ਨੂੰ ਗੁਰੂਆਂ ਪੀਰਾਂ -ਸ਼ਹੀਦਾਂ ਸੂਰਮਿਆਂ ਨੇ ਖੂਨ ਪਾ ਕੇ ਸਿੰਜਿਆ ਉਸ ਪੰਜਾਬ ਵਿੱਚ ਹੀ ਹਵਾ, ਪਾਣੀ ਅਤੇ ਸੱਭਿਆਚਾਰ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ, ਤੁਸੀਂ ਕਿਸਾਨ ਮਜ਼ਬੂਤ ਕਰ ਲਵੋ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ 20 ਕੁ ਸਾਲ ਪਹਿਲਾਂ ਤੋਂ ਅਸੀਂ ਪਰਾਲੀ ਨੂੰ ਅੱਗਾਂ ਲਗਾ ਰਹੇ ਹਾਂ ਉਦੋਂ ਤੋਂ ਹੀ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਜਮੀਨਾਂ ਜਾਇਦਾਦਾਂ ਵੇਚ ਕੇ। ਉਹਨਾਂ ਮੇਲਾ ਜਾਗਦੇ ਜੁਗਨੂੰਆ ਵੈਲਫੇਅਰ ਸੁਸਾਇਟੀ ਨੂੰ ਦੋ ਲੱਖ ਦੀ ਮੱਦਦ ਦਾ ਐਲਾਨ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜ਼ਫ਼ਰਨਾਮਾ ਜ਼ੁਬਾਨੀ ਕੰਠ ਕਰਨ ਵਾਲੇ ਬੱਚੇ ਧਵਲੇਸਵੀਰ ਸਿੰਘ ਨੂੰ ਸਿਰਪਾਓ ਅਤੇ ਸ੍ਰੀ ਸਾਹਿਬ ਦੇਕੇ ਸਨਮਾਨਿਤ ਕੀਤਾ। ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਟੀਮ ਨੂੰ ਯਾਦ ਚਿੰਨ੍ਹ ਦਿੱਤੇ । ਸ਼ਾਮ ਦੀ ਸੰਗੀਤਕ ਮਹਿਫ਼ਿਲ ਵਿੱਚ ਗਾਇਕ ਪਾਲੀ ਦੇਤਵਾਲੀਆ, ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ, ਸੁੱਖਾ ਗਿੱਲ ਬਠਿੰਡਾ, ਉਜਾਗਰ ਅੰਟਾਲ, ਕੁਲਦੀਪ ਚਮਕੀਲਾ,ਰਵੀ ਗਿੱਲ, ਬਿੰਦਰ ਭੱਟੀ, ਸੱਤਾ ਸ਼ੇਰਗਿੱਲ ਨੇ ਵੀਰੂ ਰੁਮਾਣਾ ਆਫੀਸੀਅਲ, ਹਰਵਿੰਦਰ ਬਰਾੜ ਦੇ ਸਹਿਯੋਗ ਨਾਲ ਆਪਣੇ ਮਿਆਰੀ ਗੀਤਾਂ ਅਤੇ ਦਮਦਾਰ ਗਾਇਕੀ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕਰਦਿਆਂ ਦਰਸਾ ਦਿੱਤਾ ਕਿ ਗਾਇਕੀ ਚ ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਦੀ ਥਾਂ ਪੰਜਾਬੀ ਕਲਚਰ ਦੀ ਗੱਲ ਕਰਦੇ ਗੀਤਾਂ ਨੂੰ ਵੀ ਸਰੋਤੇ ਪਸੰਦ ਕਰਦੇ ਹਨ। ਗਾਇਕਾ ਜੱਸੀ ਜਸਪਾਲ ਨੇ ਮਿਰਜਾ ਅਤੇ ਮਾਝੇ ਦੇ ਮੋਮਬੱਤੀਏ,ਗਾਕੇ ਮੇਲਾ ਲੁੱਟ ਲਿਆ। ਮੀਡੀਆ ਇੰਚਾਰਜ ਗੁਰਨੈਬ ਸਾਜਨ ਦਿਉਣ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ।