*ਵਿਸ਼ਵ ਕੈਂਸਰ ਦਿਵਸ ਮੌਕੇ ਕੈਂਸਰ ਦੇ ਇਲਾਜ਼ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ
05 ਫਰਵਰੀ (ਕਰਨ ਭੀਖੀ) ਮਾਨਸਾ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਸਕੀਮ ਅਧੀਨ ਕੈਂਸਰ ਦੇ ਪੰਜਾਬ ਦੇ ਵਸਨੀਕ ਵਿਅਕਤੀ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਸੰਬੰਧੀ ਵਿਸ਼ਵ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਸਕੀਮ ਸਾਲ 2012 ਤੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹਾ ਮਾਨਸਾ ਵਿਚ ਹੁਣ ਤੱਕ 2783 ਵਿਅਕਤੀਆਂ ਨੇ ਦਰਖਾਸਤਾਂ ਦਿੱਤੀਆਂ ਜੋ ਕਿ ਸਾਰੀਆਂ ਮਨਜੂਰ ਹੋ ਚੁੱਕੀਆਂ ਹਨ ਅਤੇ 36,60,87,560 ( ਛੱਤੀ ਕਰੋੜ ਸੱਠ ਲੱਖ ਸਤਾਸੀ ਹਜਾਰ ਪੰਜ ਸੋ ਸੱਠ) ਰੁਪਏ ਦਾ ਇਲਾਜ਼ ਦਾ ਲਾਭ ਲਿਆ ਹੈ। ਸਾਲ 2023 ਦੌਰਾਨ 70 ਵਿਅਕਤੀਆਂ ਨੇ ਇਸ ਸਕੀਮ ਲਈ ਦਰਖਾਸਤਾਂ ਦਿੱਤੀਆਂ ਅਤੇ 66,05,000 (ਛਿਆਹਟ ਲੱਖ ਪੰਜਾਹ ਹਜਾਰ) ਰੁਪਿਆਂ ਦਾ ਲਾਭ ਲਿਆ ਹੈ।ਇਸ ਸਬੰਧੀ ਲੋਕਾਂ ਨੂੰ ਅਪੀਲ ਕਰਦਿਆ ਐਮ.ਡੀ.ਮੈਡੀਸ਼ਨ, ਡਾ.ਜੀਵਨ ਕੁਮਾਰ ਗਰਗ ਨੇ ਕਿਹਾ ਕਿ ਜੇਕਰ ਕਿਸੇ ਨੂੰ ਛਾਤੀ ਵਿਚ ਗਿਲ੍ਹਟੀ, ਮਾਹਵਾਰੀ ਦੌਰਾਨ ਬਦਲਾਅ, ਵਾਰ ਵਾਰ ਖੂਨ ਆਉਣਾ, ਬੱਚੇਦਾਨੀ ਵਿੱਚ ਰਸੌਲੀ ਜਾਂ ਕੋਈ ਹੋਰ ਤਕਲੀਫ ਹੁੰਦੀ ਹੈ ਤਾਂ ਉਹ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣੇ ਟੈਸਟ ਕਰਵਾਉਣ, ਟੈਸਟ ਦੌਰਾਨ ਜੇਕਰ ਕਿਸੇ ਮਰੀਜ਼ ਨੂੰ ਕੈਂਸਰ ਦੀ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ਼ ਉਸ ਦਿਨ ਤੋਂ ਹੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਸਾਰੇ ਇਨਪੈਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਕੈਸਰ ਦੇ ਖਰਚੇ ਲਈ ਸਬੰਧਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਨਾ ਕਿ ਮਰੀਜ਼ ਨੂੰ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਲਈ ਫਸਲਾਂ ਉਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨਾ, ਕੈਂਸਰ ਤੇ ਇਸ ਦੇ ਮੁਢਲੇ ਚਿੰਨ੍ਹ ਦੀ ਜਲਦੀ ਪਹਿਚਾਣ, ਸ਼ਰਾਬ ਅਤੇ ਤੰਬਾਕੂ ਬੀੜੀ ਸਿਗਰਟ ਦੀ ਵਰਤੋਂ ਨਾ ਕਰਨਾ, ਸ਼ੱਕ ਪੈਣ ’ਤੇ ਸਮੇਂ ਸਿਰ ਜਾਂਚ ਕਰਾਉਣੀ। ਕੈਂਸਰ ਦੇ ਜ਼ਿਆਦਾ ਵਧਣ ਤੰਬਾਕੂ ਦੀ ਵਰਤੋਂ, ਸ਼ਰਾਬ ਦੀ ਵਰਤੋਂ, ਸਮੇਂ ਸਿਰ ਜਾਂਚ ਨਾ ਕਰਾਉਣਾ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਕਰਨਾ ਜ਼ਰੂਰੀ ਹੈ।