ਮੈਂ ਨਨੈਮੋ ਤੋਂ ਸਰੀ ਜਾਣਾ ਸੀ…ਫੈਰੀ ਰਾਹੀਂ…ਟਿਕਟ ਖਿੜਕੀ ‘ਤੇ ਪਹੁੰਚਿਆ..ਪਤਾ ਨਹੀਂ ਕਿਉਂ ,ਮੈਂ ਕਿਹਾ,” ਇੱਕ ਟਿਕਟ…”…ਵਨ ਟਿਕਟ ਫਾਰ…”ਉਸਤੋਂ ਬਾਅਦ ਕਿਤੇ ਪਹੁੰਚਣ ਵਾਲੀ ਥਾਂ ਦਾ ਨਾਮ ਫਸ ਗਿਆ…ਟਿਕਟ ਦੇਣ ਵਾਲ਼ੀ ਕੁੜੀ ਬਹੁਤ ਸੁਹਣੇ ਤਰੀਕੇ ਨਾਲ ਹੱਸੀ ਤੇ ਬੋਲੀ,” ਫਾਰ ਸਮਵੇਅਰ ਸਮਵੇਅਰ!”..ਹੈ ਤਾਂ ਮੇਰੀ ਬੇਵਕੂਫ਼ੀ ਸੀ…ਫੈਰੀ ਨੇ ਤਾਂ ਇੱਕੋ ਥਾਂ ਜਾਣਾ ਸੀ…ਇਹ ਕਿਹੜਾ ਰੋਡਵੇਜ਼ ਦੀ ਬੱਸ ਸੀ ਕਿ ਰੁਕਦੀ ਰੁਕਦੀ ਸਵਾਰੀਆਂ ਲਾਹੁੰਦੀ ਜਾਣੀ ਸੀ!…ਪਰ ਉਸ ਕੁੜੀ ਦੇ ਮੌਲਿਕ ਹਾਸੇ ਨੇ ਮੇਰੀ ਬੇਵਕੂਫ਼ੀ ਨੂੰ ਮਾਨਣਯੋਗ ਪਲਾਂ ਚ ਬਦਲਤਾ!
ਗੱਲ ਏਥੇ ਈ ਨਾ ਮੁੱਕੀ…ਟਿਕਟ 19.35 ਡਾਲਰ ਦੀ ਸੀ..ਮੇਰੀ ਜੇਬ੍ਹ ਚ ਬਹੁਤ ਸਾਰੇ ਸਿੱਕੇ ਸਨ ਤੇ ਮੈਨੂੰ ਕੈਨੇਡਾ ਦੇ ਸਿੱਕਿਆਂ ਦੀ ਸਮਝ ਨਹੀਂ ਆਉਂਦੀ..ਮੈਂ 15 ਡਾਲਰ ਨੋਟਾਂ ਰਾਹੀਂ ਦੇ ਕੇ ਬਾਕੀ ਪੈਸਿਆਂ ਲਈ ਸਾਰੇ ਸਿੱਕੇ ਉਹਦੇ ਸਾਹਮਣੇ ਕਰਦਿਆਂ ਕਿਹਾ,”ਆਪੇ ਗਿਣ ਲੈ..ਤੇ ਦੇਖ ਕਿ ਲੋੜ ਜੋਗੇ ਹੈਗੇ ਕਿ ਨਹੀਂ!”… ਉਹ ਪਹਿਲਾਂ ਤੋਂ ਵੀ ਉੱਚਾ ਹੱਸੀ…ਸਮਝ ਗਈ ਵਿਚਲੀ ਗੱਲ ਤੇ ਫ਼ਟਾਫ਼ਟ ਗਿਣ ਕੇ ਕਹਿੰਦੀ,” ਲੋੜ ਤੋਂ ਜ਼ਿਆਦਾ ਨੇ…ਆਹ ਲਓ..ਸਾਰੇ ਸਿੱਕਿਆਂ ਤੋਂ ਤੁਹਾਡਾ ਖਹਿੜਾ ਛੁੱਟਿਆ ਨ੍ਹੀ!”…ਕੈਨੇਡੀਅਨ ਕੁੜੀ ਦਾ ਹਾਸਾ ਸਿੱਕਿਆਂ ਤੋਂ ਵੱਧ ਖਣਕਿਆ!
ਮੈਨੂੰ ਯਾਦ ਆਇਆ…ਟੋਰਾਂਟੋ ਚ ਇੱਕ ਪੰਜਾਬਣ ਨੇ ਗੱਲ ਸੁਣਾਈ ਸੀ..ਉਹ ਅੱਜ ਕੱਲ ਕਾਊਂਟਰਾਂ ‘ਤੇ ਖੜ੍ਹੇ ਪੰਜਾਬੀ ਮੁੰਡੇ ਕੁੜੀਆਂ ‘ਤੇ ਇਤਰਾਜ਼ ਕਰ ਰਹੀ ਸੀ ਕਿ ਉਹ ਤਣੇ ਹੋਏ ਮੂੰਹ ਲੈ ਕੇ ਖੜ੍ਹੇ ਰਹਿੰਦੇ ਹਨ …ਫਿਰ ਉਸ ਆਪਣਾ ਕਿੱਸਾ ਸੁਣਾਇਆ..25-30 ਸਾਲ ਪਹਿਲਾਂ ਜਦ ਉਹ ਆਈ..ਇੱਕ ਦਿਨ ਕਾਊਂਟਰ ‘ਤੇ ਖੜ੍ਹੀ ਸੀ..ਇੱਕ ਗੋਰਾ ਆਇਆ ਤੇ ਕੌਫੀ ਮੰਗੀ..ਉਸ ਨੇ ਮੁਸਕਰਾ ਕੇ ਸਵਾਗਤ ਕੀਤਾ…ਗੋਰਾ ਬੋਲਿਆ ,”ਪ੍ਰੇਸ਼ਾਨੀ ਹੈ ਕੋਈ!”..ਉਸਨੇ ਨਾਂਹ ਚ ਸਿਰ ਹਿਲਾਇਆ ਪਰ ਗੋਰਾ ਸਮਝ ਗਿਆ ਸੀ ਕਿ ਮੁਸਕਰਾਹਟ ਨਕਲੀ ਸੀ..ਕੌਫੀ ਫੜਦਿਆਂ ਗੋਰੇ ਨੇ ਜੋ ਗੱਲ ਆਖੀ, ਸੋਚਣ ਵਾਲ਼ੀ ਐ,” ਤੇਰੀ ਪ੍ਰੇਸ਼ਾਨੀ ਤੋਂ ਵੱਧ ਮੈਂ ਆਪਣੇ ਲਈ ਪ੍ਰੇਸ਼ਾਨ ਹਾਂ …ਇਸ ਕੌਫੀ ਨਾਲ ਮੈਂ ਆਪਣਾ ਦਿਨ ਸ਼ੁਰੂ ਕਰ ਰਿਹਾਂ ਤੇ ਤੂੰ ਮੇਰੇ ਦਿਨ ਦੀ ਸ਼ੁਰੂਆਤ ਵਿਗਾੜ ਦਿੱਤੀ ਐ!”
ਮੁਸਕਰਾਹਟ ਤੇ ਨਿੱਗਰ ਖਰਾ ਹਾਸਾ ਕਮਾਲ ਦਾ ਟੌਨਿਕ ਐ..ਹੱਸਿਆ ਕਰੋ!
ਹੱਸਦਾ ਹਸਾਉਂਦਾ
ਸਾਹਿਬ ਸਿੰਘ