—-ਪੰਜਾਬੀ ਸਾਹਿਤ ਜਗਤ ਵਿੱਚ ਪੀਲੂ ਸ਼ਾਇਰ ਦੁਆਰਾ ਰਚਿਤ ਕਿੱਸਾ ਮਿਰਜ਼ਾ-ਸਾਹਿਬਾ ਦੀ ਕਹਾਣੀ ਲੋਕਾਂ ਦੇ ਮਨਾਂ ਵਿੱਚ ਵਸੀ ਹੋਈ ਹੈ। ਲੋਕ ਇਸ ਕਹਾਣੀ ਨੂੰ ਇਸ਼ਕ ਮਜਾਜ਼ੀ ਵਜੋਂ ਲੈਂਦੇ ਹਨ। ਮਿਰਜ਼ੇ ਦੀ ਮੌਤ ਤੋਂ ਬਾਅਦ ਬਿਰਤਾਂਤਕਾਰ ਚੁੱਪ ਹੋ ਜਾਂਦੇ ਹਨ। ਸਾਹਿਤਕ ਰੁਚੀ ਰੱਖਣ ਵਾਲ਼ੇ ਲੋਕ ਖੋਜ ਰਾਹੀਂ ਹੋਰ ਨਵੀਆਂ ਗੱਲਾਂ ਕੱਢ ਲੈਂਦੇ ਹਨ। ਕੁਝ ਸਰੋਤ ਸਾਨੂੰ ਮਿਰਜ਼ਾ ਦੇ ਵੰਸ਼, ਉਸਦੀ ਜੀਵਨ ਸ਼ੈਲੀ ਅਤੇ ਪਰਿਵਾਰਕ ਝਗੜਿਆਂ ਕਾਰਨ ਉਸਦੀ ਬਹਾਦਰੀ ਅਤੇ ਬਦਨਾਮੀ ਦੀ ਗਾਥਾ ਵੀ ਪਾਉਂਦੇ ਹਨ। ਮਿਰਜ਼ੇ ਦਾ ਪਿਤਾ ਵੰਝਲ ਦਾਨਾਬਾਦ ਦਾ ਜਾਗੀਰਦਾਰ ਸੀ। ਉਸ ਦਾ ਮੰਗਣਾ ਸਿਆਲਾਂ ਦੀ ਧੀ ਨਸੀਬੋ ਨਾਲ਼ ਹੋਇਆ ਸੀ। ਵੰਝਲ ਦਾ ਚਾਚਾ ਰਾਓ ਰਹਿਮੂੰ ਆਪਣੀ ਤਾਕਤ ਨਾਲ਼ ਵੰਝਲ ਤੋਂ ਸਾਰੀ ਜਾਗੀਰ ਖੋਹ ਲੈਂਦਾ ਹੈ। ਵੰਝਲ ਕੰਗਾਲ ਹੋ ਜਾਂਦਾ ਹੈ, ਜਿਸ ਕਾਰਨ ਸਿਆਲਾਂ ਨੇ ਨਸੀਬੋ ਦੀ ਉਸ ਨਾਲ਼ੋਂ ਮੰਗਣੀ ਤੋੜ ਦਿੱਤੀ, ਪਰ ਨਸੀਬੋ ਆਪਣੀ ਮਰਜ਼ੀ ਦੇ ਜ਼ੋਰ ਵੰਝਲ ਨਾਲ਼ ਘਰੋਂ ਭੱਜ ਕੇ ਦਾਨਾਬਾਦ ਆ ਜਾਂਦੀ ਹੈ। ਇੱਥੇ ਉਹਨਾਂ ਦੇ ਪੰਜ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ-
ਮਿਰਜ਼ਾ ਦੀ ਪੀੜ੍ਹੀ ਦਾ ਵੇਰਵਾ:
1. ਰਾਅ ਲਿਆਸ
2. ਰਾਅ ਲਿਆਸ ਦੇ ਸੱਤ ਪੁੱਤਰ ਸਨ – ਕੱਕਾ, ਕਾਲਾ, ਵਾਰਿਸ, ਨੂਰ, ਸਬੰਦ, ਰਾਅ ਕੈਂਵਾ, ਰਾਅ ਰਹਿਮੂੰ।
3. ਰਾਅ ਕੈਂਵਾ ਦਾ ਪੁੱਤਰ ਵੰਝਲ ਸੀ।
4. ਵੰਝਲੀ ਦੀ ਸੰਤਾਨ – ਪੰਜ ਪੁੱਤਰ (ਸਰਜਾ, ਅਰਜਾ, ਗਰਜਾ, ਸਰਦੂਲ, ਮਿਰਜ਼ਾ) ਅਤੇ ਇੱਕ ਧੀ ਜਿਸ ਦਾ ਨਾਮ ਛੱਤੀ ਸੀ।
5. ਮਿਰਜ਼ਾ ਦਾ ਇੱਕ ਪੁੱਤਰ – ਨੂਰ ਖਾਨ।
ਨਸੀਬੋ ਦੇ ਇਸ ਕਾਰੇ ਕਾਰਨ ਸਿਆਲਾਂ ਨੇ ਉਸ ਨਾਲ਼ੋਂ ਸਾਰੇ ਰਿਸ਼ਤੇ ਤੋੜ ਲਏ ਪਰ ਉਸ ਦੀ ਬੇਔਲਾਦ ਭੈਣ ਬੀਬੋ ਉਸ ਨਾਲ਼ ਸੁਲ੍ਹਾ ਕਰ ਲੈਂਦੀ ਹੈ ਅਤੇ ਉਹਨਾਂ ਦੋਹਾਂ ਭੈਣਾਂ ਦਾ ਮੇਲ ਮਿਲਾਪ ਬਣਿਆ ਰਹਿੰਦਾ ਹੈ। ਜਦੋਂ ਮਿਰਜ਼ੇ ਦਾ ਜਨਮ ਹੋਇਆ, ਬੀਬੋ ਨਸੀਬੋ ਨੂੰ ਘਿਓ ਦੇਣ ਆਈ ਤਾਂ ਉਹ ਮਿਰਜ਼ੇ ਨੂੰ ਆਪਣੇ ਝੋਲੀ ਪਵਾ ਕੇ ਆਪਣੇ ਪਿੰਡ ਸਿਆਲ ਲਿਆ ਕੇ ਪਾਲਦੀ ਹੈ। ਜਦੋਂ ਮਿਰਜ਼ਾ ਆਪਣੇ ਨਾਨਕੇ ਪਿੰਡ ਸਿਆਲ ਵਿਚ ਰਹਿ ਕੇ ਮਸੀਤ ਵਿਚ ਪੜ੍ਹਦਾ ਹੈ ਤਾਂ ਉਸ ਦੇ ਮਾਮੇ ਦੀ ਧੀ ਸਾਹਿਬਾਂ ਉਸ ਤੇ ਮੋਹਿਤ ਹੋ ਜਾਂਦੀ ਹੈ ਪਰ ਸਾਹਿਬਾਂ ਦੇ ਚਾਚਾ ਰਾਅ ਸੁਲਤਾਨ ਦੀ ਦਖ਼ਲਅੰਦਾਜ਼ੀ ਕਾਰਨ ਮਿਰਜ਼ੇ ਨੂੰ ਕਾਜ਼ੀ ਦੁਆਰਾ ਕੋਰੜੇ ਮਾਰ ਕੇ ਸਜ਼ਾ ਦਿੱਤੀ ਗਈ ਅਤੇ ਮਸੀਤ ਵਿਚੋਂ ਕੱਢ ਦਿੱਤਾ ਗਿਆ। ਗੁੱਸੇ ਵਿਚ ਆ ਕੇ ਮਿਰਜ਼ਾ ਸਾਹਿਬ ਦੇ ਚਾਚੇ ਰਾਅ ਸੁਲਤਾਨ ਨੂੰ ਮਾਰ ਦਿੰਦਾ ਹੈ ਅਤੇ ਆਪਣੇ ਪਿੰਡ ਦਾਨਾਬਾਦ ਆ ਜਾਂਦਾ ਹੈ। ਪਿੰਡ ਆ ਕੇ ਉਸ ਨੂੰ ਆਪਣੇ ਦਾਦੇ ਦੇ ਭਰਾ ਰਹਿਮੂੰ ਵੱਲੋਂ ਕੀਤੀਆਂ ਵਧੀਕੀਆਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਰਾਅ ਰਹਿਮੂੰ ਤੋਂ ਆਪਣੀ ਜਾਗੀਰ ਖੋਹ ਲੈਂਦਾ ਹੈ।
ਸਾਹਿਬਾਂ ਦੀ ਪੀੜ੍ਹੀ ਦਾ ਵੇਰਵਾ:
ਪਿਤਾ – ਖੀਵਾ ਖਾਨ।
ਭੂਆ – ਨਸੀਬੋ, ਧੀਦੋ, ਬੀਬੋ।
ਭਰਾ ਸ਼ਮੀਰ ਖਾਂ, ਵੀਰ, ਮਨਬੀਰ
ਭਤੀਜੇ/ਭਤੀਜੀ – ਉਮਰ, ਜਮਾਲ ਅਤੇ ਚਾਂਦਲਾ ( ਸ਼ਮੀਰ ਖਾਂ ਦੀ ਪੁੱਤਰੀ)
ਮਿਰਜ਼ਾ, ਦੁੱਲੇ ਭੱਟੀ ਨਾਲ਼ ਰਲ਼ ਕੇ ਮੁਲਤਾਨ ਜਾ ਕੇ ਸ਼ੇਖ਼ ਬਹਾਵਲ ਦੀ ਬਾਰਾਂ ਸਾਲ ਸੇਵਾ ਕਰਦਾ ਹੈ। ਸ਼ੇਖ਼ ਬਹਾਵਲ ਖ਼ੁਸ਼ ਹੋ ਕੇ ਉਹਨਾਂ ਦੀ ਮੰਗ ਮਨਜ਼ੂਰ ਕਰਦਾ ਹੈ – ਦੁੱਲੇ ਨੂੰ ਉਸ ਦੀ ਮੰਗ ਅਨੁਸਾਰ ‘ਭੌਰਾ ਘੋੜਾ’ ਮਿਲ਼ਦਾ ਹੈ ਪਰ ਮਿਰਜ਼ਾ ਸ਼ੇਖ਼ ਤੋਂ ਅਰਸ਼ਾਂ ਤੋਂ ਮਿਲ਼ੀ ਬੱਕੀ, ਸੋਲਾਂ ਗੈਬੀ ਕਾਨੀਆਂ ਤੋਂ ਇਲਾਵਾ ਚੰਧੜਾਂ ਨੂੰ ਮੰਗੀ ਹੋਈ ਸਾਹਿਬਾਂ ਵੀ ਮੰਗ ਲੈਂਦਾ ਹੈ। ਪੀਰ ਸਾਹਿਬਾਂ ਵਾਲ਼ੀ ਮੰਗ ਨਾਮਨਜ਼ੂਰ ਕਰ ਦਿੰਦੇ ਹਨ ਅਤੇ ਮਿਰਜ਼ੇ ਨੂੰ ਵਸੀਵਾ (ਹੱਦ) ਨਾ ਟੱਪਣ ਦੀ ਨਸੀਹਤ ਵੀ ਦਿੰਦੇ ਹਨ। ਮਿਰਜ਼ਾ ਇਸ ਤਾਕਤ ਨਾਲ਼ ਆਪਣੇ ਸ਼ਰੀਕਾਂ ਤੋਂ ਖੁੱਸੀ ਹੋਈ ਜਾਗੀਰ ਵਾਪਸ ਲੈ ਲੈਂਦਾ ਹੈ ਪਰ ਹੰਕਾਰ ਜਾਂਦਾ ਹੈ।
ਓਧਰ ਸਾਹਿਬਾਂ ਦਾ ਵਿਆਹ ਧਰ ਦਿੱਤਾ ਜਾਂਦਾ ਹੈ। ਸਾਹਿਬਾਂ ਕਰਮੂੰ ਬ੍ਰਾਹਮਣ ਦੇ ਹੱਥ ਮਿਰਜ਼ੇ ਨੂੰ ਸੁਨੇਹਾ ਭੇਜਦੀ ਹੈ। ਹੰਕਾਰਿਆ ਹੋਇਆ ਮਿਰਜ਼ਾ ਪੀਰਾਂ ਦੀ ਗੱਲ ਭੁੱਲ ਕੇ ਸਿਆਲ ਪਿੰਡ ਪਹੁੰਚ ਜਾਂਦਾ ਹੈ ਅਤੇ ਬੀਬੋ ਮਾਸੀ ਦੀ ਮਦਦ ਨਾਲ਼ ਸਾਹਿਬਾਂ ਨੂੰ ਉਧਾਲਣ ਵਿੱਚ ਕਾਮਯਾਬ ਹੋ ਜਾਂਦਾ ਹੈ। ਉਹ ਸਾਹਿਬਾਂ ਨੂੰ ਉਧਾਲ ਕੇ ਲਿਆਉਂਦੇ ਸਮੇਂ ਸਿਆਲਾਂ ਦੀ ਜੂਹ ਵਿੱਚ ਇੱਕ ਜੰਡ ਥੱਲੇ ਅਰਾਮ ਕਰਨ ਲਈ ਰੁਕਦਾ ਹੈ। ਉਹ ਸਾਹਿਬਾਂ ਦੇ ਵਾਰ ਵਾਰ ਦਾਨਾਬਾਦ ਪਹੁੰਚਣ ਦੀ ਗੱਲ ਨਾ ਮੰਨਦਿਆਂ ਹੋਇਆਂ ਉੱਥੇ ਸੌਂ ਜਾਂਦਾ ਹੈ। ਸਿਆਲ ਸ਼ਮੀਰ ਖਾਂ ਦੀ ਅਗਵਾਈ ਹੇਠ ਉੱਥੇ ਮਿਰਜ਼ੇ ਨੂੰ ਆ ਘੇਰਦੇ ਹਨ ਪਰ ਮਿਰਜ਼ੇ ਦੇ ਤੀਰਾਂ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਸ਼ਮੀਰ ਖਾਂ ਇੱਥੇ ਇੱਕ ਧੋਖੇ ਭਰੀ ਚਾਲ ਚੱਲਦਾ ਹੈ। ਉਹ ਸਿਰ ਤੇ ਕੱਪੜੇ ਦੀ ਤਹਿ ਮਾਰ ਕੇ ਕੁਰਾਨ ਰੱਖੇ ਹੋਣ ਦਾ ਸਵਾਂਗ ਕਰਦਾ ਹੈ ਅਤੇ ਦੋਹਾਂ ਦੇ ਨਿਕਾਹ ਲਈ ਰਾਜ਼ੀ ਹੋਣ ਦੀ ਝੂਠੀ ਸਹੁੰ ਖਾਂਦਾ ਹੈ। ਸਾਹਿਬਾਂ ਉਸ ਦੀਆਂ ਗੱਲਾਂ ਵਿੱਚ ਆ ਕੇ ਮਿਰਜ਼ੇ ਦੇ ਤੀਰ ਅਤੇ ਹੋਰ ਹਥਿਆਰ ਉਸ ਦੇ ਹਵਾਲੇ ਕਰ ਦਿੰਦੀ ਹੈ । ਨਿਹੱਥਾ ਮਿਰਜ਼ਾ ਉਹਨਾਂ ਦੀ ਨੀਅਤ ਭਾਂਪ ਕੇ ਜਦ ਸਾਹਿਬਾਂ ਨੂੰ ਬੱਕੀ ਤੇ ਬਿਠਾ ਕੇ ਭੱਜਣ ਲੱਗਦਾ ਹੈ ਤਾਂ ਬੱਕੀ ਦੀ ਲੱਤ ਟੋਏ ਵਿੱਚ ਪੈ ਜਾਂਦੀ ਹੈ। ਇਸ ਵੇਲ਼ੇ ਵਾਹਰ ਮਿਰਜ਼ੇ ਦਾ ਕਤਲ ਕਰ ਦਿੰਦੀ ਹੈ। ਸ਼ਮੀਰ ਸਾਹਿਬਾਂ ਨੂੰ ਜੰਡ ਨਾਲ਼ ਪੁੱਠਾ ਟੰਗ ਜਾਂਦਾ ਹੈ ਅਤੇ ਬੱਕੀ ਨੂੰ ਆਪਣੇ ਨਫ਼ਰ ਨਾਲ਼ ਤੋਰ ਲੈਂਦਾ ਹੈ। ਬੱਕੀ ਨਫ਼ਰ ਨਾਲੋਂ ਛੁੱਟ ਕੇ ਦਾਨਾਬਾਦ ਪਹੁੰਚ ਜਾਂਦੀ ਹੈ। ਸੱਖਣੀ ਆ ਰਹੀ ਬੱਕੀ ਨਸੀਬੋ ਦੀ ਸ਼ਰੀਕਣੀ ਦੀ ਨਜ਼ਰ ਪੈ ਜਾਂਦੀ ਹੈ। ਉਹ ਨਸੀਬੋ ਨੂੰ ਜਾ ਕੇ ਝੂਠੀਆਂ ਮੁਬਾਰਕਾਂ ਦਿੰਦੀ ਡੋਲਾ ਉਤਾਰਨ ਲਈ ਕਹਿੰਦੀ ਹੈ। ਵੰਝਲ ਖ਼ੁਸ਼ੀ ਵਿੱਚ ਦਾਨ-ਪੁੰਨ ਕਰਦਾ ਹੈ। ਜਦ ਉਸ ਨੂੰ ਅਸਲੀਅਤ ਪਤਾ ਲੱਗਦੀ ਹੈ ਤਾਂ ਸਾਰਾ ਕੁਨਬਾ ਇਕੱਠਾ ਹੋ ਕੇ ਬਦਲਾ ਲੈਣ ਦੀ ਸਲਾਹ ਕਰਦਾ ਹੋਇਆ ਰਹਿਮੂੰ ਰਾਅ ਤੋਂ ਅਗਵਾਈ ਮੰਗਦਾ ਹੈ। ਮਿਰਜ਼ੇ ਦੀਆਂ ਵਧੀਕੀਆਂ ਕਰਕੇ ਰਹਿਮੂੰ ਇਨਕਾਰ ਕਰ ਦਿੰਦਾ ਹੈ। ਆਖਰ ਮਿਰਜ਼ੇ ਦੀ ਭੈਣ ਛੱਤੀ ਦੇ ਤਰਲਿਆਂ ਕਾਰਨ ਉਹ ਆਪਣੇ ਪਿਤਾ ਰਾਅ ਲਿਆਸ ਦੇ ਕਹਿਣ ਤੇ ਸਿਆਲਾਂ ਨਾਲ਼ ਮੱਥਾ ਲਾਉਣ ਦਾ ਐਲਾਨ ਕਰਦਾ ਹੈ। ਉਹ ਸ਼ਮੀਰ ਦੀ ਧੀ ਚਾਂਦਲਾ ਨੂੰ ਵਿਆਹ ਲਿਆਉਣ ਦੀ ਕਸਮ ਵੀ ਖਾਂਦਾ ਹੈ। ਸਭ ਤੋਂ ਪਹਿਲਾਂ ਰਾਅ ਰਹਿਮੂੰ ਦਾ ਕਾਫ਼ਲਾ ਸਿਆਲਾਂ ਦੀ ਹੱਦ ‘ਰੱਤੀ ਰੋੜੀ’ ਪਹੁੰਚ ਕੇ ਮਿਰਜ਼ੇ ਦੀ ਲੋਥ ਨੂੰ ਸਪੁਰਦੇ ਖ਼ਾਕ ਕਰਦਾ ਹੈ। ਇਸ ਵੇਲ਼ੇ ਸਾਹਿਬਾਂ ਨੂੰ ਆਖ਼ਰੀਵਾਰ ਮਿਰਜ਼ੇ ਦਾ ਮੂੰਹ ਦੇਖਣ ਲਈ ਕਬਰ ਵਿੱਚ ਉਤਾਰਿਆ ਜਾਂਦਾ ਹੈ ਤਾਂ ਉਹ ਆਪਣੇ ਲੱਕ ਨਾਲ਼ ਬੱਧੀ ਹੋਈ ਕਟਾਰ ਨਾਲ਼ ਆਤਮਘਾਤ ਕਰ ਲੈਂਦੀ ਹੈ।
ਮਿਰਜ਼ੇ ਦੇ ਹਾਰਫ਼ਾਂ ਅਤੇ ਬੱਦੋ ਕੰਜਰੀ ਨਾਲ਼ ਵਿਆਹ ਬਾਹਰੀ ਸੰਬੰਧ ਸਨ। ਹਾਰਫ਼ਾਂ ਦੀ ਕੁੱਖੋਂ ਨੂਰ ਖਾਂ ਪੈਦਾ ਹੋਇਆ। ਮਿਰਜ਼ੇ ਨੂੰ ਦਫ਼ਨਾਉਣ ਵੇਲ਼ੇ ਇਹਨਾਂ ਤਿੰਨਾਂ ਨੂੰ ਸੱਦਿਆ ਨਹੀਂ ਗਿਆ ਪਰ ਸਿਆਲਾਂ ਨਾਲ਼ ਲੜਾਈ ਕਰਨ ਸਮੇਂ ਵੰਝਲ ਵੱਲੋਂ ਮਹਿਰਾਂ ਮਿਸਰਾ ਹੱਥ ਚਿੱਠੀ ਭੇਜ ਕੇ ਨੂਰ ਖਾਂ ਨੂੰ ਸੱਦਿਆ ਗਿਆ। ਮਿਰਜ਼ੇ ਅਤੇ ਸਾਹਿਬਾਂ ਨੂੰ ਕੱਠਿਆਂ ਦਫ਼ਨਾ ਕੇ ਰਾਅ ਰਹਿਮੂੰ ਧੌਂਸੇ ਤੇ ਚੋਟ ਲਾਉਂਦਾ ਹੈ। ਸਿਆਲ ਅਤੇ ਖਰਲ ਲੜਾਈ ਲਈ ਆਹਮੋ ਸਾਮ੍ਹਣੇ ਆ ਜਾਂਦੇ ਹਨ। ਇਸ ਲੜਾਈ ਵਿੱਚ ਖਰਲਾਂ ਦਾ ਪਲੜਾ ਭਾਰੀ ਹੋਣ ਤੇ ਸ਼ਮੀਰ ਦੇ ਭਾਈ ਚਾਂਦਲਾ ਦਾ ਵਿਆਹ ਰਹਿਮੂੰ ਨਾਲ਼ ਕਰਕੇ ਜਾਨ ਬਚਾਉਣ ਲਈ ਕਹਿੰਦੇ ਹਨ ਪਰ ਸ਼ਮੀਰ ਨਹੀਂ ਮੰਨਦਾ। ਸ਼ਮੀਰ ਦਾ ਮਾਮਾ ਡੋਗਰ ਵੀ ਉਸ ਦੀ ਮਦਦ ਤੇ ਆ ਜਾਂਦਾ ਹੈ। ਮਿਰਜ਼ੇ ਦੇ ਭਰਾ ਸਰਦੂਲ ਹੱਥੋਂ ਮਿਰਜ਼ਾ ਮਾਰਿਆ ਜਾਂਦਾ ਹੈ। ਖੀਵੇ ਖਾਨ ਅਤੇ ਵੰਝਲ ਵਿੱਚ ਲੜਾਈ ਹੁੰਦੀ ਹੈ ਅਤੇ ਖੀਵਾ ਮਾਰਿਆ ਜਾਂਦਾ ਹੈ। ਸਰਜੇ ਹੱਥੋਂ ਵੀਰ ਵੀ ਮਾਰਿਆ ਜਾਂਦਾ ਹੈ। ਨੂਰ ਖਾਂ ਸ਼ਮੀਰ ਦੇ ਕੁੜਮ ਉਮਰ ਖਾਨ ਨੂੰ ਮਾਰ ਮੁਕਾਉਂਦਾ ਹੈ। ਮਿਰਜ਼ੇ ਦਾ ਧਰਮ ਭਰਾ ਮੁਕੰਦੇ ਖਾਨ ਪਠਾਣ ਸਾਹਿਬਾਂ ਦੇ ਮੰਗੇਤਰ ਚੰਧੜ ਭਾਨ ਨੂੰ ਮਾਰ ਮੁਕਾਉਂਦਾ ਹੈ।
ਸ਼ਮੀਰ ਖਾਂ ਅਤੇ ਰਾਅ ਰਹਿਮੂੰ ਦਾ ਪਟਕੇ ਦਾ ਘੋਲ ਹੁੰਦਾ ਹੈ। ਰਹਿਮ ਸ਼ਮੀਰ ਖਾਨ ਨੂੰ ਹੇਠਾਂ ਸੁੱਟ ਲੈਂਦਾ ਹੈ। ਜਾਨ ਬਖ਼ਸ਼ੀ ਦੇ ਇਵਜ਼ ਵਿੱਚ ਸ਼ਮੀਰ ਆਪਣੀ ਧੀ ਦਾ ਡੋਲਾ ਦੇਣਾ ਮੰਨ ਜਾਂਦਾ ਹੈ ਪਰ ਸ਼ਮੀਰ ਦਾ ਛੋਟਾ ਭਰਾ ਮਨਬੀਰ ਮੁੱਕਰ ਜਾਂਦਾ ਹੈ। ਫਿਰ ਲੜਾਈ ਹੁੰਦੀ ਹੈ । ਰਹਿਮੂੰ ਉਸ ਨੂੰ ਤੀਰਾਂ ਨਾਲ਼ ਵਿੰਨ੍ਹ ਦਿੰਦਾ ਹੈ। ਸ਼ਮੀਰ ਦੇ ਲੜਕੇ ਉਮਰ ਅਤੇ ਜਮਾਲ ਮਿਰਜ਼ੇ ਦੇ ਚਾਰ ਭਰਾਵਾਂ ਅਤੇ ਪਿਉ ਨੂੰ ਮਾਰ ਦਿੰਦੇ ਹਨ। ਸ਼ਮੀਰ ਦੀ ਧੀ ਚਾਂਦਲਾ ਰਹਿਮੂੰ ਨੂੰ ਵੰਗਾਰਦੀ ਹੈ। ਜਦ ਨੂਰ ਖਾਂ ਰਹਿਮੂੰ ਦੀ ਮਦਦ ਤੇ ਆਉਂਦਾ ਹੈ ਤਾਂ ਚਾਂਦਲਾ ਨੂਰ ਖਾਂ ਦੀ ਖ਼ੂਬਸੂਰਤੀ ਤੇ ਮਰ ਮਿਟਦੀ ਹੈ ਅਤੇ ਹਥਿਆਰ ਸੁੱਟ ਦਿੰਦੀ ਹੈ। ਦੋਵੇਂ ਰਹਿਮੂੰ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਹਨ। ਹੁਣ ਚਾਂਦਲਾ ਦੇ ਹੋਣ ਵਾਲ਼ੇ ਸਹੁਰੇ ਮੈਦਾਨ ਵਿੱਚ ਆ ਨਿਤਰਦੇ ਹਨ। ਇਸ ਲੜਾਈ ਵਿੱਚ ਰਹਿਮੂੰ, ਚਾਂਦਲਾ ਅਤੇ ਨੂਰ ਖਾਂ ਤੋਂ ਬਿਨਾਂ ਬਾਕੀ ਸਭ ਮਾਰੇ ਜਾਂਦੇ ਹਨ। ਅੰਤ ਨੂਰ ਖਾਂ ਚਾਂਦਲਾ ਨੂੰ ਬੱਕੀ ਤੇ ਬਿਠਾ ਕੇ ਲੈ ਜਾਂਦਾ ਹੈ।
— ਜਗਤਾਰ ਸਿੰਘ ਸੋਖੀ