—-ਮਾਲਵੇ ਦੇ ਨਿੱਕੇ ਜਿਹੇ ਪਿੰਡ ਭੋਲੂਵਾਲਾ ਦਾ ਜੰਮਪਾਲ ਸਧਾਰਨ ਜਿਹੀ ਦਿੱਖ ਵਾਲ਼ੇ ਜਗਤਾਰ ਸਿੰਘ ਸੋਖੀ ਦੀ ਸ਼ਖ਼ਸੀਅਤ ਨੇ ਮੈਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ। ਉਹਨਾਂ ਨੂੰ ਅਕਸਰ ਮੈਂ ਰੰਗਾਂ ਵਿੱਚ ਰੰਗਿਆ ਹੀ ਦੇਖਿਆ। ਕੁਦਰਤ ਵਿੱਚ ਸਮੋਏੇ ਰੰਗਾਂ ਤੋਂ ਲੈ ਕੇ ਸੋਚ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਉਹ ਬੁਰਸ਼ ਨਾਲ਼ ਜਦੋਂ ਕੈਨਵਸ ਤੇ ਖਿਆਲ਼ ਉਤਾਰਦੇ ਹਨ ਤਾਂ ਕਮਾਲ ਹੀ ਕਰ ਜਾਂਦੇ। ਮੇਰੀ ਪਹਿਲੀ ਮੁਲਾਕਾਤ ਜਗਤਾਰ ਸਿੰਘ ਨਾਲ਼ ਬੰਦਾ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਹੋਈ। ਬੜਾ ਹੀ ਨਿਮਰਤਾ ਵਾਲ਼ਾ ਸਾਧਾਰਨ ਜਿਹੀ ਦਿੱਖ, ਮਲਵਈ ਬੋਲੀ ਅਤੇ ਮੂੰਹ ਤੇ ਨਿੱਕਾ ਜਿਹਾ ਹਾਸੇ ਵਾਲ਼ਾ ਇਹ ਜਾਦੂਗਰ ਜਦ ਸਾਨੂੰ ਸੁੰਦਰ ਲਿਖਾਈ ਦੇ ਨੁਕਤੇ ਸਿਖਾ ਰਿਹਾ ਸੀ ਤਾਂ ਅਸੀਂ ਸਾਰੇ ਗਵਾਚੇ ਹੋਏ ਇੱਕ ਹੋਰ ਨਵੀਂ ਹੀ ਦੁਨੀਆਂ ਵਿੱਚ ਆਪਣੇ ਆਪ ਨੂੰ ਵਿਚਰਦੇ ਮਹਿਸੂਸ ਕਰ ਰਹੇ ਸੀ। ਵਰਕਸ਼ਾਪ ਮੁੱਕਣ ਤੋਂ ਬਾਅਦ ਮੈਂ ਕੁਝ ਸਮਾਂ ਇਹਨਾਂ ਦੇ ਕੋਲ਼ ਬੈਠੀ। ਤੁਰਨ ਲੱਗਿਆਂ ਇਹਨਾਂ ਨੇ ਮੈਨੂੰ ਆਪਣੇ ਹੱਥਾਂ ਨਾਲ਼ ਬਣਾਈਆਂ ਹੋਈਆਂ ਫੱਟੀਆਂ ਝੋਲੇ ਵਿੱਚੋਂ ਕੱਢ ਕੇ ਦਿੱਤੀਆਂ। ਫੱਟੀਆਂ ਵੇਖ ਕੇ ਮੇਰਾ ਚਿੱਤ ਸਰਸ਼ਾਰ ਹੋ ਗਿਆ। ਬੜੇ ਅਦਬ ਨਾਲ਼ ਮੈਂ ਇਹ ਤੋਹਫ਼ਾ ਸਵੀਕਾਰ ਕੀਤਾ। ਅਕਸਰ ਫ਼ੋਨ ਉੱਤੇ ਮੇਰਾ ਇਹਨਾਂ ਨਾਲ਼ ਰਾਬਤਾ ਹੁੰਦਾ ਤੇ ਕਿਸੇ ਨਾ ਕਿਸੇ ਵਿਸ਼ੇ ਉੱਤੇ ਇਹਨਾਂ ਨਾਲ਼ ਵਿਚਾਰ ਚਰਚਾ ਹੁੰਦੀ ਹੀ ਰਹਿੰਦੀ। ਮੈਨੂੰ ਬਹੁਤ ਹੈਰਾਨੀ ਹੁੰਦੀ ਕਿ ਇੱਕ ਸਾਧਾਰਨ ਜਿਹੀ ਦਿੱਖ ਵਾਲ਼ਾ ਬੰਦਾ ‘ਗਿਆਨ ਦਾ ਸਾਗਰ’ ਆਪਣੇ ਅੰਦਰ ਭਰੀ ਬੈਠਾ ਹੈ। ਮੈਂ ਕਈ ਵਾਰ ਆਪਣੀਆਂ ਕਵਿਤਾਵਾਂ ਇਹਨਾਂ ਨੂੰ ਭੇਜੀਆਂ ਤੇ ਇਹਨਾਂ ਨੇ ਆਪਣੀ ਕਲਪਨਾ ਸ਼ਕਤੀ ਦੇ ਨਾਲ਼ ਉਹਨਾਂ ਨੂੰ ਚਿੱਤਰ ਰੂਪ ਦੇ ਕੇ ਜੀਵਤ ਕਰ ਦਿੱਤਾ। ਜਗਤਾਰ ਸਿੰਘ ਸੋਖੀ ਨੇ ਬਹੁਤ ਛੇਤੀ ਆਪਣੀ ਵਿਸ਼ੇਸ਼ ਥਾਂ ਹਰ ਇੱਕ ਦੇ ਦਿਲ ਵਿੱਚ ਬਣਾ ਲਈ ਹੈ। ਸਿੱਖਿਆ ਵਿਭਾਗ ਦੇ ਸਰਕਾਰੀ ਦਫ਼ਤਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਦੇਸ਼ਾਂ-ਵਿਦੇਸ਼ਾਂ, ਫ਼ਿਲਮੀ ਕਲਾਕਾਰਾਂ ਅਤੇ ਮੰਤਰੀਆਂ ਸੰਤਰੀਆਂ ਤੱਕ ਉਸਦੀਆਂ ਬਣਾਈਆਂ ਫੱਟੀਆਂ ਤੇ ਤਸਵੀਰਾਂ ਦੀਆਂ ਧੁੰਮਾਂ ਪੈ ਗਈਆਂ ਹਨ। ਹਰ ਕਿਸੇ ਨੇ ਜਦ ਇਸ ਫੱਟੀ ਨੂੰ ਵੇਖਿਆ ਤਾਂ ਵੇਖਦਾ ਹੀ ਰਹਿ ਗਿਆ। ਹਰ ਇੱਕ ਨੂੰ ਮਾਣ ਹੁੰਦਾ ਹੈ ਆਪਣੇ ਪਿਛੋਕੜ ਨੂੰ ਵੇਖ ਕੇ, ਫਿਰ ਆਪਣੇ ਸਾਹਮਣੇ ਇੱਕ ਨਵੇਂ ਰੂਪ ਵਿੱਚ ਵੇਖ ਕੇ।
ਅਦਬ ਦੇ ਖੇਤਰ ਵਿੱਚ ਵੀ ਜਗਤਾਰ ਨੇ ਹੌਲੀ -ਹੌਲੀ ਕਲਮ ਅਜਮਾਈ ਕੀਤੀ। ਹੁਣ ਤੱਕ ਉਹ ਕਈ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕਾ ਹੈ। ਇਹ ਸਾਰੀਆਂ ਕਿਤਾਬਾਂ ਗਿਆਨ ਦਾ ਸਮੁੰਦਰ ਹਨ, ਇਹਨਾਂ ਵਿੱਚ ਅਜਿਹੇ ਵਿਸ਼ੇ ਹੋਏ ਹਨ, ਜੋ ਅੱਜ ਤੱਕ ਕੋਈ ਨਹੀਂ ਛੋਹ ਸਕਿਆ।
ਬੁਰਸ਼ ਤੇ ਕਲਮ ਮੈਨੂੰ ਅਕਸਰ ਹੀ ਸੋਖੀ ਦੇ ਇਸ਼ਾਰਿਆਂ ਉੱਤੇ ਨੱਚਦੇ ਪ੍ਰਤੀਤ ਹੁੰਦੇ ਹਨ। ਚਾਰ ਭਾਸ਼ਾਵਾਂ ਪੰਜਾਬੀ, ਹਿੰਦੀ ਅੰਗਰੇਜ਼ੀ ਅਤੇ ਸ਼ਾਹਮੁਖੀ ਦੇ ਗਿਆਤਾ ਜਗਤਾਰ ਸਿੰਘ ਸੋਖੀ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਬਦਲੇ ਬਹੁਤ ਸਾਰੇ ਇਨਾਮ ਸਨਮਾਨ ਮਿਲ ਚੁੱਕੇ ਹਨ। ਬਹੁਤ ਸਾਰੇ ਸਨਮਾਨ ਜੋ ਪਹਿਲੀ ਵਾਰੀ ਸ਼ੁਰੂ ਹੁੰਦੇ ਹਨ ਉਹ ਇਹਨਾਂ ਤੋਂ ਸ਼ੁਰੂ ਹੋਏ ਜਿਵੇਂ ਪੰਜਾਬ ਸਾਹਿਤ ਅਕਾਦਮੀ ਵੱਲੋਂ ਭਾਸ਼ਾ ਰਤਨ, ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪੰਜਾਬੀ ਭਾਸ਼ਾ ਰਤਨ ਪੁਰਸਕਾਰ, ਕੌਮਾਂਤਰੀ ਚਰਚਾ ਯੂਕੇ ਵੱਲੋਂ ਪੰਜਾਬੀ ਮਾਂ ਬੋਲੀ ਸਨਮਾਨ, ਬਾਬਾ ਫ਼ਰੀਦ ਆਲਮੀ ਅਦਬ ਫਾਊਂਡੇਸ਼ਨ ਵੱਲੋਂ ਬਾਬਾ ਫ਼ਰੀਦ ਪੰਜਾਬੀ ਮਾਂ-ਬੋਲੀ ਐਵਾਰਡ ਆਦਿ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਤੇ ਰਾਜ ਪੱਧਰੀ ਸਨਮਾਨ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਸਨਮਾਨ ਦੇ ਕੇ ਨਿਵਾਜਿਆ ਗਿਆ।
ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਾਰੇ ਉਹਨਾਂ ਦਾ ਰਵੱਈਆ ਹਮੇਸ਼ਾ ਚੜ੍ਹਦੀਕਲਾ ਵਾਲ਼ਾ ਰਿਹਾ ਹੈ। ਨਵੇਂ-ਨਵੇਂ ਤਜ਼ਰਬੇ ਕਰਨੇ ਉਹਨਾਂ ਦੇ ਹਿੱਸੇ ਆਏ ਨੇ। ਪੰਜਾਬੀ ਮਾਂ-ਬੋਲੀ ਲਈ ਵੱਖ-ਵੱਖ ਥਾਵਾਂ ‘ਤੇ ਕੈਂਪ ਲਾਉਣੇ, ਵਿੱਸਰ ਚੁੱਕੇ ਸ਼ਬਦਾਂ ਨੂੰ ਇਕੱਠੇ ਕਰਨਾ, ਉਹਨਾਂ ਨੂੰ ਕਿਤਾਬੀ ਰੂਪ ਦੇਣਾ, ਹਰ ਰੋਜ਼ ਸੋਸ਼ਲ ਮੀਡੀਆ ਤੇ ਇੱਕ ਫੱਟੀ ਪਾ ਕੇ ਕਿਸੇ ਨਾ ਕਿਸੇ ਸ਼ਬਦ ਜਾਂ ਵਿਰਾਸਤੀ ਚੀਜ਼ ਬਾਰੇ ਦੱਸਣਾ ਉਹਨਾਂ ਦਾ ਨਿਤਨੇਮ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਸਗੋਂ ਮੈਂ ਮਾਂ-ਬੋਲੀ ਦਾ ਕਰਜ਼ ਉਤਾਰ ਰਿਹਾ ਹਾਂ।ਆਪਣਾ ਫ਼ਰਜ਼ ਪੂਰਾ ਕਰਨ ਦਾ ਜੀ ਕੋਸ਼ਸ਼ ਹਮੇਸ਼ਾ ਕਰਦਾ ਰਹਾਂਗਾ।
ਪੇਸ਼ੇ ਵਜੋਂ ਸੋਖੀ ਸਾਹਿਬ ਇੱਕ ਅਧਿਆਪਕ ਹਨ। ਅਧਿਆਪਕ ਹੋਣ ਦੇ ਨਾਲ-ਨਾਲ ਉਹਨਾਂ ਨੇ ਕਦੇ ਵੀ ਆਪਣੇ ਅੰਦਰ ਦੇ ਚਾਵਾਂ ਮਲਾਰਾਂ ਨੂੰ ਮਰਨ ਨਹੀਂ ਦਿੱਤਾ ਸਗੋਂ ਸਮਾਂ ਬੀਤਣ ਦੇ ਨਾਲ਼ ਇਹ ਚਾਅ ਅਸਮਾਨ ਦੇ ਵਿੱਚ ਬਾਜ਼ ਵਾਂਗ ਉਡਾਰੀਆਂ ਮਾਰਨ ਲੱਗੇ। ਸਾਡੇ ਸਾਰਿਆਂ ਵਾਸਤੇ ਇਹ ਇੱਕ ਪ੍ਰੇਰਨਾ ਸਰੋਤ ਹਨ ਕਿ ਉਨਾਂ ਨੇ ਉਮਰ ਦੇ ਇਸ ਪੜਾਅ ਵਿੱਚ ਆ ਕੇ ਆਪਣੇ ਚਾਵਾਂ ਨੂੰ ਪੂਰਾ ਕੀਤਾ ਤੇ ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਇਆ। ਸਾਨੂੰ ਸਾਰਿਆਂ ਨੂੰ ਇਹਨਾਂ ਦੇ ਕੋਲ਼ੋਂ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਅਸੀਂ ਆਪਣੇ ਪੇਸ਼ੇ ਨੂੰ ਕਿਸੇ ਤੋਂ ਵੀ ਘੱਟ ਨਾ ਸਮਝੀਏ। ਅਧਿਆਪਕ ਕੌਮ ਨਿਰਮਾਤਾ ਹੁੰਦੇ ਹਨ, ਇਹ ਗੱਲ ਸੋਖੀ ਸਾਹਿਬ ਉੱਤੇ ਪੂਰੀ ਤਰ੍ਹਾਂ ਢੁੱਕਵੀ ਹੈ। ਆਓ ਅਸੀਂ ਵੀ ਇਹ ਪ੍ਰਣ ਕਰੀਏ ਕਿ ਆਪਣੇ ਦਿਲ ਦੇ ਚਾਵਾਂ ਨੂੰ ਕਦੇ ਵੀ ਮਰਨ ਨਹੀਂ ਦੇਵਾਂਗੇ, ਇਹਨਾਂ ਨੂੰ ਆਕਾਸ਼ ਦੇਵਾਂਗੇ , ਉੱਡਣ ਦੇ ਲਈ ਖੰਭ ਦੇਵਾਂਗੇ। ਸ਼ਾਲਾ!ਦੁਆ ਹੈ ਮੇਰੀ ਉਸ ਪਰਮਾਤਮਾ ਦੇ ਅੱਗੇ ਕਿ ਇਹ ਅਸਮਾਨ ਵਿਚਲੀ ਸਤਰੰਗੀ ਪੀਂਘ ਤੋਂ ਰੰਗ ਲੈ ਕੇ ਕੈਨਵਸ ਤੇ ਉਤਾਰਦੇ ਰਹਿਣ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣ ਆਮੀਨ।
ਬਲਜੀਤ ਕੌਰ
ਸ਼੍ਰੀ ਅੰਮ੍ਰਿਤਸਰ ਸਾਹਿਬ
81648 10848, 77 10315252