13 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮੰਡੀਆਂ ਵਿੱਚ ਹੋ ਰਹੇ ਝੋਨੇ ਦੀ ਪੂਰੀ ਐਮ.ਐਸ.ਪੀ, ਤੇ ਖਰੀਦ ਅਤੇ ਨਾਲੋ ਨਾਲ ਚੁਕਾਈ ਦੇ ਦਿਨੋ ਦਿਨ ਵਿਗੜ ਰਹੇ ਮਸਲੇ ਦੇ ਹੱਲ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 12 ਵਜੇ ਤੋਂ 3 ਵਜੇ ਤੱਕ ਮਾਨਸਾ ਵਿੱਚ ਬਠਿੰਡਾ, ਦਿੱਲੀ ਰੇਲਵੇ ਲਾਈਨ ਤੇ ਧਰਨਾ ਦੇ ਕੇ ਰੇਲ ਆਵਾਜਾਈ ਠੱਪ ਕੀਤੀ ਇਸ ਮੌਕੇ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਇਸ ਹੱਕੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ ਉਹਨਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀ ਖੁਲ੍ਹੀ ਮੰਡੀ ਦੀ ਨੀਤੀ ਵੱਲ ਅੱਗੇ ਵਧਣ ਲਈ ਕਿਸਾਨਾਂ ਦੀ ਲਹੂ ਪਸੀਨੇ ਦੀ ਕਮਾਈ ਪੈਰ੍ਹਾ ਹੇਠ ਰੋਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਦੀ ਗੰਭੀਰ ਬਣ ਚੁੱਕੀ ਸਮੱਸਿਆ ਦੇ ਹੱਲ ਲਈ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਦੋਵਾਂ ਸਰਕਾਰਾਂ ਵੱਲੋਂ ਨਜਰ ਅੰਦਾਜ਼ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੂਰੀ ਸਾਜਿਸ਼ ਦੇ ਤਹਿਤ ਸੈਲਰਾਂ ਦੇ ਵਿੱਚੋਂ ਚੌਲਾਂ ਦੀ ਚੁਕਾਈ ਨਹੀਂ ਕੀਤੀ ਕਿਉਂਕਿ ਕੇਂਦਰ ਸਰਕਾਰ ਡਬਲਯੂ ਟੀਓH ਦੀਆਂ ਨੀਤੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਖੇਤੀ ਤੇ ਲਾਗੂ ਕਰ ਰਹੀ ਹੈ। ਇੱਕ ਪਾਸੇ ਦੇਸ਼ ਵਿੱਚ ਕਰੋੜਾਂ ਲੋਕ ਇੱਕ ਢੰਗ ਦੀ ਅੱਧ ਪਚੱਦੀ ਖੁਰਾਕ ਦੇ ਸਹਾਰੇ ਜਿਊਂ ਰਹੇ ਹਨ ਉਹਨਾਂ ਨੂੰ ਦੋ ਵਕਤ ਲਈ ਪੂਰਾ ਅਨਾਜ ਨਹੀਂ ਦਿੱਤਾ ਜਾ ਰਿਹਾ ਪਰ ਦੂਸਰੇ ਪਾਸੇ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਕਿਸਾਨ ਦੀ ਫਸਲ ਮੰਡੀਆਂ ਵਿੱਚ ਰੋਲਣ ਦੀ ਤਿਆਰੀ ਹੋ ਚੁੱਕੀ ਹੈ ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਫਸਲਾਂ ਦੀ ਰੇਟ ਤੈਅ ਕਰਨ ਅਤੇ ਸਰਕਾਰੀ ਖਰੀਦ ਬੰਦ ਕਰਨ ਦੀ ਦੋਵੇਂ ਸਰਕਾਰਾਂ ਅੰਦਰ ਖਾਤੇ ਤਿਆਰੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਤੁਰੰਤ ਖਰੀਦ ਵਿੱਚ ਆ ਰਹੀਆ ਦਿੱਕਤਾਂ ਨੂੰ ਦੂਰ ਕਰਕੇ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਕਰਕੇ ਚੁਕਾਈ ਨਾ ਕੀਤੀ ਤਾਂ ਕਿਸਾਨ ਜਥੇਬੰਦੀ ਕਿਸਾਨਾਂ ਅਤੇ ਹੋਰ ਤਬਕਿਆਂ ਨੂੰ ਨਾਲ ਲੈ ਕੇ ਅਜਿਹਾ ਸੰਘਰਸ਼ ਵਿੱਢੇਗੀ ਜਿਸ ਨਾਲ ਸਰਕਾਰ ਦੀ ਨੱਕ ਵਿੱਚ ਦਮ ਆ ਜਾਵੇਗਾ ਅਤੇ ਕਿਸਾਨਾਂ ਦੀ ਫਸਲ ਕਿਸੇ ਵੀ ਹਾਲਤ ਵਿੱਚ ਮੰਡੀਆਂ ਵਿੱਚ ਰੁਲਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਉੱਤਮ ਸਿੰਘ, ਸੁਖਦੇਵ ਸਿੰਘ, ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਬਿੰਦਰ ਸਿੰਘ ਝੰਡਾ ਕਲਾਂ, ਮੇਜਰ ਸਿੰਘ ਗੋਬਿੰਦਪੁਰਾ, ਸਰੋਜ ਰਾਣੀ ਦਿਆਲਪੁਰਾ, ਨਰਿੰਦਰ ਕੌਰ ਆਹਲੁਪੁਰ ਨੇ ਵੀ ਸੰਬੋਧਨ ਕੀਤਾ।