ਵੱਖ ਵੱਖ ਪਿੰਡਾਂ ਵਿੱਚ ਵਿੱਚ ਵਲੰਟੀਅਰਾਂ ਦੀ ਭਰਵੀਂਆ ਮੀਟਿੰਗਾਂ ਨੂੰ ਕੀਤਾ ਸੰਬੋਧਨ
11 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਭਾਵੇਂ ਮਾਨਸਾ ਨੂੰ ਪਿਛਲੇ ਸਮੇਂ ਦੌਰਾਨ ਜ਼ਿਲ੍ਹ ਬਣਾ ਦਿੱਤਾ ਗਿਆ ਸੀ ਪਰ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਸਾਰ ਨਾ ਲਏ ਜਾਣ ਕਾਰਨ ਇਹ ਵਿਕਾਸ ਪੱਖੋਂ ਕਾਫੀ ਪਿੱਛੇ ਰਹਿ ਗਿਆ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਸਾ ਜ਼ਿਲ੍ਹੇ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਕਰੇਗੀ। ਇਹ ਵਿਚਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੱਖ ਵੱਖ ਪਿੰਡਾਂ ਅੰਦਰ ਵਲੰਟੀਅਰਾਂ ਦੀਆਂ ਭਰਵੀਂਆ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨੂੰ ਵਿਕਾਸ ਪੱਖੋਂ ਅੱਗੇ ਲੈ ਕੇ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਹੈ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਮਾਨਸਾ ਜ਼ਿਲ੍ਹੇ ਦੀ ਬਿਲਕੁਲ ਸਾਰ ਨਹੀਂ ਲਈ, ਜਿਸ ਕਾਰਨ ਲੋਕਾਂ ਦੇ ਮਸਲੇ ਅਤੇ ਸਮੱਸਿਆਵਾਂ ਉਸੇ ਤਰ੍ਹਾਂ ਹੀ ਖੜੀਆਂ ਹਨ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਦਾ ਕੰਮ ਆਪਣੇ ਹਲਕੇ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ ਵਿੱਚ ਰੱਖ ਕੇ ਉਹਨਾਂ ਦਾ ਹੱਲ ਕਰਵਾਉਣਾ ਅਤੇ ਨਵੀਆਂ ਸਕੀਮਾਂ ਲਿਆ ਕੇ ਲੋਕਾਂ ਨੂੰ ਫਾਇਦਾ ਦੇਣਾ ਹੁੰਦਾ ਹੈ। ਪਰ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਆਪਣੇ ਹਿੱਤਾਂ ਲਈ ਕੰਮ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਪੂਰੇ ਲੋਕ ਸਭਾ ਹਲਕੇ ਦੀ ਆਵਾਜ਼ ਨੂੰ ਬੁਲੰਦ ਕਰਨਗੇ ਅਤੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਯਤਨਸ਼ੀਲ ਰਹਿਣਗੇ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਦਾ ਕੰਮ ਸੂਬੇ ਨਾਲ ਹੋਣ ਵਾਲੇ ਧੱਕਿਆ ਖਿਲਾਫ ਲੜਾਈ ਲੜਨਾ ਹੁੰਦਾ ਹੈ ਪਰ ਇੱਥੋਂ ਰਹੇ ਪਾਰਲੀਮੈਂਟ ਮੈਂਬਰ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਧੱਕਿਆਂ ਵਿੱਚ ਭਾਈਵਾਲ ਬਣਦੇ ਰਹੇ ਹਨ। ਉਹਨਾਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਭਾਵੇਂ ਉਹ ਘੱਗਰ ਦਾ ਮਸਲਾ ਹੋਵੇ ਜਾਂ ਹੋਰ ਮਸਲੇ ਹੋਣ ਉਹਨਾਂ ਨੂੰ ਪਾਰਲੀਮੈਂਟ ਵਿੱਚ ਉਠਾ ਕੇ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਖਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਦੋ ਸਾਲਾਂ ਵਿੱਚ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਹਿਮ ਕਦਮ ਉਠਾਏ ਹਨ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਤਾਰੇ ਗਏ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾ ਕੇ ਉਹਨਾਂ ਦੇ ਹੱਥ ਮਜਬੂਤ ਕਰਨੇ ਚਾਹੀਦੇ ਹਨ।