ਸੂਬਾ ਸਰਕਾਰ ਦੀ ਨਿਵੇਕਲੀ ਪਹਿਲ : ਡਿਪਟੀ ਕਮਿਸ਼ਨਰ
–9 ਤੋਂ 11 ਫਰਵਰੀ ਤੱਕ ਦਿਖਾਈਆਂ ਜਾਣਗੀਆਂ ਜ਼ਿਲ੍ਹੇ ਭਰ ਚ ਝਾਕੀਆਂ
08 ਫਰਵਰੀ (ਗਗਨਦੀਪ ਸਿੰਘ) ਬਠਿੰਡਾ: ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਰੂਪਮਾਨ ਕਰਦੀਆਂ ਝਾਕੀਆਂ ਅੱਜ ਰਾਤ ਮਾਨਸਾ ਤੋਂ ਮੌੜ, ਕੋਟਸ਼ਮੀਰ ਹੁੰਦੇ ਹੋਏ ਸਥਾਨਕ ਦਾਣਾ ਮੰਡੀ ਵਿਖੇ ਪਹੁੰਚਣਗੀਆਂ ਅਤੇ ਰਾਤ ਦੇ ਸਮੇਂ ਦਾਣਾ ਮੰਡੀ ਵਿਖੇ ਹੀ ਇਨ੍ਹਾਂ ਝਾਕੀਆਂ ਦਾ ਠਹਿਰਾਓ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਝਾਕੀਆਂ ਨੂੰ ਵੇਖਣ ਆਏ ਸਕੂਲੀ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲੇਗਾ। ਝਾਕੀਆਂ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਝਾਕੀਆਂ 9 ਫਰਵਰੀ ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਹੁੰਦੇ ਹੋਏ ਗੁਰਦੁਆਰਾ ਹਾਜੀਰਤਨ ਸਾਹਿਬ, ਸਰਕਾਰੀ ਰਜਿੰਦਰਾ ਕਾਲਜ, ਬੱਸ ਸਟੈਂਡ, ਫੌਜੀ ਚੌਂਕ, ਬੀਬੀਵਾਲਾ ਚੌਂਕ ਹੁੰਦੇ ਹੋਏ ਭੁੱਚੋ ਖੁਰਦ, ਭੁੱਚੋ ਕਲਾਂ, ਲਹਿਰਾ ਬੇਗਾ, ਲਹਿਰਾ ਮੁਹੱਬਤ, ਲਹਿਰਾ ਸੋਧਾ, ਲਹਿਰਾ ਧੂਰਕੋਟ, ਰਾਮਪੁਰਾ, ਮੰਡੀ ਕਲਾਂ, ਢੱਡੇ, ਕੁੱਤੀਵਾਲ ਕਲਾਂ ਤੋਂ ਮੌੜ ਪਹੁੰਚਣਗੀਆਂ ਅਤੇ ਮੌੜ ਵਿਖੇ ਹੀ ਇਨ੍ਹਾਂ ਝਾਕੀਆਂ ਲਈ ਰਾਤ ਦਾ ਠਹਿਰਾਓ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ ਹੀ 10 ਫਰਵਰੀ ਨੂੰ ਮੌੜ ਤੋਂ ਸ਼ੁਰੂ ਹੁੰਦੇ ਹੋਏ, ਸੰਦੋਹਾ, ਸੇਖਪੁਰਾ, ਤਲਵੰਡੀ ਸਾਬੋ, ਭਾਂਗੀਬਾਂਦਰ, ਜੀਵਨ ਸਿੰਘ ਵਾਲਾ, ਕੋਟਸ਼ਮੀਰ, ਕਟਾਰ ਸਿੰਘ ਵਾਲਾ, ਜੱਸੀ ਪੌ ਵਾਲੀ ਚੌਂਕ ਤੋਂ ਬਠਿੰਡਾ ਦਾਣਾ ਮੰਡੀ ਵਿਖੇ ਝਾਕੀਆਂ ਦਾ ਠਹਿਰਾਓ ਹੋਵੇਗਾ ਅਤੇ 11 ਫਰਵਰੀ ਨੂੰ ਬਠਿੰਡਾ ਦਾਣਾ ਮੰਡੀ ਤੋਂ ਸ਼ੁਰੂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬੁਲਾਡੇਵਾਲਾ, ਦਿਉਣ, ਬੁਰਜ ਮਹਿਮਾ, ਭੀਸੀਆਣਾ ਹੁੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣਗੀਆਂ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਝਾਕੀਆਂ ਨੂੰ ਵੱਧ ਤੋਂ ਵੱਧ ਦੇਖਕੇ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣੂੰ ਹੋਣ।