12 ਜਨਵਰੀ (ਕਰਨ ਭੀਖੀ) ਜੋਗਾ: ਮਾਈ ਭਾਗੋ ਸੰਸਥਾ, ਰੱਲਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਤੇ ਸਵਿਤਾ ਕਾਠ ਦੀ ਅਗਵਾਈ ਤਹਿਤ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਲੋਹੜੀ ਦੇ ਮਹੱਤਵ ਅਤੇ ਵਿਸ਼ੇਸ਼ਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰ ਇਕ ਇਨਸਾਨ ਨੂੰ ਇਸ ਤਿਉਹਾਰ ਮੌਕੇ ਚੰਗੀਆਂ ਗੱਲਾਂ ਦਾ ਪ੍ਰਣ ਲੈ ਕੇ ਇਸ ਦੀ ਪਵਿੱਤਰਤਾ ਨੂੰ ਵਧਾਵਾ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਚੰਗੀ ਦਿੱਖ ਪ੍ਰਦਾਨ ਕੀਤੀ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸਦਾ ਮਹੱਤਵ ਬਣਿਆ ਰਵੇ। ਪ੍ਰਿੰਸੀਪਲ ਸਵਿਤਾ ਕਾਠ ਨੇ ਕਿਹਾ ਕਿ ਅਜੋਕੇ ਦੌਰ ਵਿਚ ਧੀਆਂ ਦੀ ਲੋਹੜੀ ਨੂੰ ਮਨਾਉਣ ਪ੍ਰਤੀ ਚੇਤਨਾ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਸਮਾਜਿਕ ਤੇ ਹੋਰ ਇਖਲਾਕੀ ਪੱਖਾਂ ਤੋਂ ਲੜਕੇ ਤੇ ਲੜਕੀਆਂ ਇੱਕ ਸਮਾਨ ਰੂਪਤਾ ਤਹਿਤ ਚੰਗੇ ਕਾਰਜਾਂ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਤਿਉਹਾਰਾਂ ਨੂੰ ਮਨਾਉਣ ਦੀ ਇਕ ਖਾਸ ਪਰੰਪਰਾ ਹੁੰਦੀ ਹੈ।ਇਨ੍ਹਾਂ ਪਰੰਪਰਾਵਾਂ ਤਹਿਤ ਹੀ ਲੋਹੜੀ ਦਾ ਤਿਉਹਾਰ ਸਦੀਆਂ ਤੋਂ ਬਰਕਰਾਰ ਹੈ।ਉਨ੍ਹਾਂ ਕਿਹਾ ਕਿ ਆਪਣੇ ਫਰਜ਼ਾਂ ਪ੍ਰਤੀ ਸਦਭਾਵਨਾ ਰੱਖਦੇ ਅਜਿਹੇ ਤਿਉਹਾਰਾਂ ਇੱਕਜੁੱਟ ਹੋ ਕੇ ਮਨਾਉਂਦੇ ਰਹਿਣਾ ਜ਼ਰੂਰੀ ਹੈ। ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ ਨੇ ਲੋਹੜੀ ਬਾਲਕੇ ਤਿਉਹਾਰ ਨੂੰ ਰਲ-ਮਿਲਕੇ ਮਨਾਉਣ ਦੀ ਗੱਲ ਆਖੀ। ਇਸ ਮੌਕੇ ਸੰਸਥਾ ਦੇ ਚੈਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਸਕੱਤਰ ਸ੍ਰ. ਮਨਜੀਤ ਸਿੰਘ ਤੇ ਉਪ-ਚੈਅਰਮੈਨ ਸ੍ਰ. ਪਰਮਜੀਤ ਸਿੰਘ ਬੁਰਜਹਰੀ ਨੇ ਸਭ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ।ਇਸ ਵਿਸ਼ੇਸ਼ ਮੌਕੇ ਵਿਦਿਆਰਥੀਆਂ ਅਤੇ ਹੋਰਨਾਂ ਸਭ ਨੂੰ ਮੂਹਫਲੀ ਤੇ ਰਿਊੜੀਆਂ ਵੰਡੀਆਂ ਗਈਆਂ। ਇਸ ਵਿਸ਼ੇਸ਼ ਮੌਕੇ ਕੋਆਰਡੀਨੇਟਰ ਰਾਜਵਿੰਦਰ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ, ਡਰਾਇਵਰ ਵੀਰ ਤੇ ਕਰਮਚਾਰੀ ਹਾਜ਼ਰ ਸਨ।