ਸਾਰੀਆਂ ਪਾਰਟੀ ਦੇ ਸਥਾਨਕ ਆਗੂ ਬਾਹਰੀ ਉਮੀਦਵਾਰਾਂ ਤੋਂ ਹਤਾਸ਼ ਤੇ ਨਾਖੁਸ਼: ਮੀਤ ਹੇਅਰ
24 ਮਈ (ਗਗਨਦੀਪ ਸਿੰਘ) ਮਹਿਲ ਕਲਾਂ: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਹਿਲ ਕਲਾਂ ਹਲਕੇ ਵਿੱਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਛੀਨੀਵਾਲ ਕਲਾਂ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਆਪਣੇ ਵੱਡੀ ਗਿਣਤੀ ਸਾਥੀਆਂ ਨਾਲ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।
ਮੀਤ ਹੇਅਰ ਨੇ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਤਾਂ ਵਿਰੋਧੀ ਪਾਰਟੀਆਂ ਤੋਂ ਨਾਖੁਸ਼ ਹੀ ਹੈ ਸਗੋਂ ਉਨ੍ਹਾਂ ਪਾਰਟੀਆਂ ਦੇ ਅਹੁਦੇਦਾਰ ਤੇ ਵਰਕਰ ਵੀ ਹਤਾਸ਼ ਹਨ। ਸਾਰੀਆਂ ਪਾਰਟੀਆਂ ਨੇ ਬਾਹਰੋਂ ਉਮੀਦਵਾਰ ਲਿਆ ਕੇ ਸੰਗਰੂਰ ਹਲਕੇ ਵਿੱਚ ਖੜ੍ਹੇ ਕਰ ਦਿੱਤੇ ਅਤੇ ਕਾਂਗਰਸ ਨੇ ਤਾਂ ਮਾਲਵੇ ਤੋਂ ਵੀ ਬਾਹਰੋਂ ਭੁਲੱਥ ਹਲਕੇ ਦਾ ਉਮੀਦਵਾਰ ਖੜ੍ਹਾ ਕਰ ਦਿੱਤਾ ਜਿਸ ਨੂੰ ਸੰਗਰੂਰ ਹਲਕੇ ਦੇ ਪਿੰਡਾਂ-ਸ਼ਹਿਰਾਂ ਦੇ ਨਾਮ ਵੀ ਨਹੀਂ ਪਤਾ।
ਮੀਤ ਹੇਅਰ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕਰਨ ਲਈ ਵਚਨਬੱਧ ਹੈ। ਪੰਜਾਬ ਨੂੰ ਮੁੜ ਰੰਗਲਾ ਬਣਾਉਣਾ ਹੈ। ਇਸ ਮੌਕੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ।