ਵਾਇਨਾਡ—30 ਜੁਲਾਈ
ਕੇਰਲ ਦੇ ਪਹਾੜੀ ਵਾਇਨਾਡ ਜ਼ਿਲੇ ‘ਚ ਮੰਗਲਵਾਰ ਤੜਕੇ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਸੈਂਕੜੇ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।
ਜ਼ਮੀਨ ਖਿਸਕਣ ਦੀ ਘਟਨਾ ਮੰਗਲਵਾਰ ਤੜਕੇ ਵਾਪਰੀ, ਜਿਸ ਕਾਰਨ ਘਰਾਂ ਵਿੱਚ ਸੁੱਤੇ ਪਏ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ।
ਲੋਕ ਫੋਨ ‘ਤੇ ਮਦਦ ਲਈ ਬੇਨਤੀ ਕਰ ਰਹੇ ਹਨ ਅਤੇ ਬਚਾਅ ਕਰਮਚਾਰੀ ਮਲਬੇ ‘ਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਮੇਘਾਸ਼੍ਰੀ ਡੀਆਰ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 45 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਚੂਰਲਮਾਲਾ ‘ਚ ਜ਼ਮੀਨ ਖਿਸਕਣ ਕਾਰਨ 36 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਮਲਪੁਰਮ ‘ਚ ਚੇਲਿਆਰ ਨਦੀ ‘ਚ ਰੁੜ੍ਹ ਗਏ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪਹਿਚਾਣ ਅਤੇ ਪੋਸਟਮਾਰਟਮ ਲਈ ਵੱਖ-ਵੱਖ ਹਸਪਤਾਲਾਂ ਦੇ ਮੁਰਦਾਘਰਾਂ ‘ਚ ਰਖਵਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡ ਸ਼ਾਮਲ ਹਨ।
ਬਚਾਅ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਭਾਰਤੀ ਫੌਜ ਵੀ ਬਚਾਅ ਮੁਹਿੰਮ ਵਿੱਚ ਸ਼ਾਮਲ ਹੋ ਗਈ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਤੋਂ ਇਲਾਵਾ, ਰਾਜ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚ ਪੁਲਿਸ ਅਤੇ ਫਾਇਰ ਕਰਮੀਆਂ ਨੂੰ ਤਾਇਨਾਤ ਕੀਤਾ ਹੈ। ਸੈਂਕੜੇ ਹੋਰ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।