ਮਨਪ੍ਰੀਤ ਟਿਵਾਣਾ ਮਿਆਰੀ ਤੇ ਸਮਰੱਥ ਗੀਤਕਾਰ ਹੋਣ ਦੇ ਨਾਲ ਚੰਗਾ ਇਨਸਾਨ ਅਤੇ ਯਾਰਾਂ ਦਾ ਯਾਰ ਵੀ ਹੈ | ਉਸ ਨੇ ਜਿੰਨੇ ਵੀ ਗੀਤ ਲਿਖੇ ਹਨ, ਸਭ ਉੱਚ ਪਾਏ ਦੇ ਹਨ | ਉਸ ਦੇ ਗੀਤਾਂ ‘ਚੋਂ ਲੋਕ ਮੁਹਾਵਰਿਆਂ ਦੀ ਝਲਕ ਆਪ ਮੁਹਾਰੇ ਝਲਕਦੀ ਹੈ | ਮਾਣ ਵਾਲੀ ਗੱਲ ਇਹ ਹੈ ਕਿ ਉਹ ਸੱਭਿਅਕ ਦਾਇਰੇ ‘ਚ ਰਹਿ ਕੇ ਸਿਰਜਣਾ ਕਰਦਾ ਹੈ | ਉਸ ਦੇ ਕਈ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ | ਪਿਛਲੇ ਦਿਨੀਂ ਮਨਪ੍ਰੀਤ ਹੋਰਾਂ ਦਾ ਗੀਤ ਸੰਗ੍ਰਹਿ ‘ਕਾਫਲੇ ਵਾਲੇ’ ਪ੍ਰਕਾਸ਼ਿਤ ਹੋਇਆ ਹੈ | ਬੀਤੇ ਕੱਲ੍ਹ ਪਿਆਰੇ ਮਿੱਤਰ ਤੇ ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ ਦੇ ਹੱਥ ਮਨਪ੍ਰੀਤ ਨੇ ਇਹ ਪੁਸਤਕ ਭੇਜੀ ਹੈ | ਆਦਿਕਾ ਤੋਂ ਲੈ ਕੇ ਏਨੀ ਕੁ ਮੇਰੀ ਬਾਤ…! ਤੱਕ ਡਾ. ਸਤੀਸ਼ ਕੁਮਾਰ ਵਰਮਾ, ਡਾ. ਸਰਬਜੀਤ ਕੌਰ ਸੋਹਲ, ਰਾਜ ਗਾਇਕ ਤੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ, ਗਾਇਕ ਹਰਭਜਨ ਮਾਨ, ਬਲਕਾਰ ਸਿੱਧੂ ਤੇ ਗੀਤਕਾਰ ਅਮਰਦੀਪ ਸਿੰਘ ਗਿੱਲ ਨੇ ਮਨ ਦੇ ਵਲਵਲੇ ਸਾਂਝੇ ਕੀਤੇ ਹਨ | ਜਿੰਨਾਂ ਰਾਹੀਂ ਟਿਵਾਣੇ ਦੀ ਸਖਸ਼ੀਅਤ ਬਾਰੇ ਪਾਠਕਾਂ ਨੂੰ ਢੇਰ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਜਦਕਿ ਆਪਣੀ ਬਾਤ ‘ਚ ਮਨਪ੍ਰੀਤ ਕਾਫ਼ੀ ਗੱਲਾਂ ਕਰ ਜਾਂਦਾ ਹੈ | ਇਸ ਗੀਤ ਸੰਗ੍ਰਹਿ ‘ਚ 70 ਗੀਤ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ‘ਚ ਕੁਝ ਡਿਊਟ ਵੀ ਹਨ | ਸੱਚ ਦੱਸਾਂ ਇਹ ਪੁਸਤਕ ਅੱਜ ਮੈਂ ਇੱਕੋ ਬੈਠਕ ‘ਚ ਪੜ੍ਹ ਦਿੱਤੀ | ਗੀਤ ਪੜ੍ਹਨ ਸਮੇਂ ਲੁਤਫ਼ ਉਦੋਂ ਆਇਆ ਜਦੋਂ ਜ਼ਿਆਦਾਤਰ ਗੀਤਾਂ ਦੀ ਸਥਾਈ ਤੋਂ ਬਾਅਦ ਅੰਤਰੇ ਆਪ ਮੁਹਾਰੇ ਹੀ ਯਾਦ ਆ ਗਏ ਅਤੇ ਜਿਨ੍ਹਾਂ ਗਾਇਕਾਂ ਵਲੋਂ ਗਾਏ ਗਏ ਸਨ, ਦੀ ਤਰਜ ਵੀ ਨਾਲ ਵਜਦੀ ਰਹੀ | ਮਨਪ੍ਰੀਤ ਦਾ ਇਹ ਗੀਤ ਸੰਗ੍ਰਹਿ ਪੜ੍ਹਨ ਤੇ ਸੰਭਾਲਣ ਵਾਲਾ ਹੈ | ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਇਹ ਪੁਸਤਕ ਖਰੀਦਣੀ ਤੇ ਪੜ੍ਹਨੀ ਬਣਦੀ ਹੈ |
ਹੰਸ ਰਾਜ ਹੰਸ ਨੇ ਦਿੱਤੀ ਹੈ ‘ਕਾਫ਼ਲੇ ਵਾਲ਼ੇ’ ਨੂੰ ਆਵਾਜ਼
ਪੁਸਤਕ ਦੇ ਟਾਈਟਲ ਗੀਤ ‘ਕਾਫ਼ਲੇ ਵਾਲ਼ੇ’ ਨੂੰ ਹੰਸ ਰਾਜ ਹੰਸ ਨੇ ਆਵਾਜ਼ ਦਿੱਤੀ ਹੈ ਅਤੇ ਇਹ ਗੀਤ ਉਨ੍ਹਾਂ ਦੀ ਐਲਬਮ ‘ਵਣਜਾਰਾ’ ‘ਚ ਸ਼ਾਮਿਲ ਹੈ | ਮਨਪ੍ਰੀਤ ਦੀ ਕਲਮ ਨੂੰ ਸਲਾਮ! ਉਸ ਦੇ ਲਿਖੇ ਅਤੇ ਹਰਭਜਨ ਮਾਨ ਵਲੋਂ ਗਾਏ ਗੀਤ ‘ਸਿੱਖੋ ਆਪਣੇ ਬੱਚਿਆਂ ਨੂੰ ਸਰਹਿੰਦ ਵਿਖਾ ਕੇ ਲਿਆਵੋ’ ਅਤੇ ਰਣਜੀਤ ਬਾਵਾ ਦਾ ‘ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ’ ਰੌਂਗਟੇ ਖੜੇ ਕਰਦੇ ਹਨ | ਦੱਸ ਦੇਈਏ ਕਿ ਟਿਵਾਣੇ ਦੇ ਗੀਤਾਂ ਨੂੰ ਬਲਕਾਰ ਸਿੱਧੂ, ਮੀਕਾ ਸਿੰਘ, ਰਣਜੀਤ ਬਾਵਾ, ਹਰਜੀਤ ਹਰਮਨ, ਪੰਮੀ ਬਾਈ, ਰਾਖੀ ਹੁੰਦਲ, ਸਰਬਜੀਤ ਚੀਮਾ, ਕਮਲ ਖਾਨ, ਮਾਸ਼ਾ ਅਲੀ, ਗੁਰਵਿੰਦਰ ਬਰਾੜ,.ਗੋਰਾ ਚੱਕ ਵਾਲਾ, ਜੱਸੀ ਸੋਹਲ, ਜੈਲੀ, ਮਿਸ ਪੂਜਾ, ਸਤਵਿੰਦਰ ਬਿੱਟੀ, ਹਰਦੀਪ, ਨਿਰਮਲ ਸਿੱਧੂ, ਰੁਪਿੰਦਰ ਹਾਂਡਾ, ਵੀਰ ਸੁਖਵੰਤ, ਲਾਭ ਜੰਜੂਆ, ਸ਼ਿਪਰਾ ਗੋਇਲ, ਮਨਪ੍ਰੀਤ ਅਖਤਰ, ਸਿਕੰਦਰ ਬਰਾੜ, ਦਿਲਬਾਗ ਚਹਿਲ, ਵੀਰ ਦਵਿੰਦਰ, ਰਾਣੀ ਰਣਦੀਪ, ਗੁਰਜੀਤ ਰਾਹਲ, ਲਵਜੀਤ, ਨੇਹਾ, ਜੱਸ ਸੰਧੂ, ਸਵ: ਹਾਕਮ ਸੂਫੀ, ਕੁਲਵਿੰਦਰ ਕਮਲ ਆਦਿ 3 ਦਰਜਨ ਦੇ ਕਰੀਬ ਗਾਇਕ ਤੇ ਗਾਇਕਾਵਾਂ ਨੇ ਆਵਾਜ਼ ਦਿੱਤੀ ਹੈ ਜਦਕਿ ‘ਕਬੱਡੀ ਇਕ ਮੁਹੱਬਤ’ ਤੇ ‘ਦੇਸੀ ਮੁੰਡੇ’ ਫਿਲਮਾਂ ਦੇ ਗੀਤ ਵੀ ਉਸ ਦੀ ਲਿਖਤ ਹਨ | ਟਿਵਾਣੇ ਦੇ ਲਿਖੇ ਤੇ ਪਰਮ ਮਿੱਤਰ ਬਲਕਾਰ ਸਿੱਧੂ ਵਲੋਂ ਗਾਏ ਸਾਰੇ ਗੀਤ ਹਿੱਟ ਹੋਏ ਹਨ | ‘ਤੂੰ ਫੁੱਲਕਾਰੀ ਕੱਢਦੀ ਕੱਢੇ ਤੇਰੀ ਫੁੱਲਕਾਰੀ ਸਾਡੀ ਜਾਨ’, ‘ਮਹਿੰਦੀ ਦੇ ਬੂਟੇ ਨੂੰ’, ‘ਦੌਲਤਾਂ ਵੀ ਮਿਲ ਗਈਆਂ’, ‘ਲੌਂਗ ਤਵੀਤੜੀਆਂ’, ‘ਮਾਂ ਤੇਰਾ ਪੁੱਤ ਲਾਡਲਾ’ ਆਦਿ ਸਭ ਲੋਕ ਲਬਾਂ ‘ਤੇ ਚਰਚਿਤ ਹਨ | ਆਮੀਨ! ਮਨਪ੍ਰੀਤ ਹੋਰ ਮਿਆਰੀ ਤੇ ਲੋਕ ਪੱਖੀ ਗੀਤ ਸਾਡੀ ਝੋਲੀ ਪਾਉਂਦਾ ਰਹੇ | ਬਸ ਇਹੋ ਦੁਆ ਹੈ |
-ਬਲਵਿੰਦਰ ਸਿੰਘ ਧਾਲੀਵਾਲ
98150-97746
ਮਨਪ੍ਰੀਤ ਟਿਵਾਣਾ ਮਿਆਰੀ ਤੇ ਸਮਰੱਥ ਗੀਤਕਾਰ ਹੋਣ ਦੇ ਨਾਲ ਚੰਗਾ ਇਨਸਾਨ-ਬਲਵਿੰਦਰ ਸਿੰਘ ਧਾਲੀਵਾਲ
Leave a comment