03 ਅਗਸਤ (ਨਾਨਕ ਸਿੰਘ ਖੁਰਮੀ) ਜੋਗਾ: ਕੇਂਦਰੀ ਬਜਟ ਵਿੱਚ ਸਿੱਖਿਆ ਤੇ ਇਲਾਜ ਤੇ ਰੱਖੇ ਬਜ਼ਟ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਤਰਜੀਹ ਨਹੀਂ ਦਿੰਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਦਲਿਤ ਸਮਾਜ ਦੀ ਹੂੰਦੀ ਲੁੱਟ ਅਤੇ ਸਮਾਜਿਕ ਜਬਰ ਖ਼ਿਲਾਫ਼ ਲਾਮਬੰਦੀ ਮੁਹਿੰਮ ਤਹਿਤ ਅੱਜ ਜੋਗਾ ਵਿਖੇ ਮਜ਼ਦੂਰ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ 25 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਿਆਸੀ ਜਮਾਤ ਨੂੰ ਆਮ ਜਨਤਾ ਦੀ ਕੋਈ ਪ੍ਰਵਾਹ ਨਹੀਂ ਹੈ। ਕਿਉਂਕਿ ਅੱਜ ਮੁੱਠੀ ਭਰ ਸੱਤਾਧਾਰੀ ਲੀਡਰ ਤੇ ਪੂੰਜੀਪਤੀ ਨਿੱਤ ਦਿਨ ਅਮੀਰ ਹੋ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ਦੇ ਵੋਟ ਦੇਣ ਵਾਲੇ ਕਰੋੜਾਂ ਲੋਕ ਦਿਨੋਂ ਦਿਨ ਗਰੀਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ
ਲਾਮਬੰਦੀ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ ਅੰਦਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੱਤਾਧਾਰੀ ਹਾਕਮਾਂ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਤੋਂ ਸਿੱਖਿਆ, ਸੇਹਤ, ਸਹੂਲਤਾਂ ਤੇ ਰੁਜ਼ਗਾਰ ਲਗਾਤਾਰ ਦੂਰ ਹੋ ਰਹੇ ਹਨ। ਦਿਨ ਰਾਤ ਵੱਧ ਰਹੀ ਲੱਕ ਤੋੜ ਮਹਿੰਗਾਈ ਕਾਰਨ ਮਜ਼ਦੂਰ, ਗਰੀਬ ਲੋਕ ਕਰਜ਼ਿਆਂ ਦੇ ਜਾਲ ਵਿਚ ਫਸ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਮਾਨ ਸਰਕਾਰ ਦੇ ਰਾਜ ਵਿੱਚ ਦਲਿਤਾਂ ਉਪਰ ਅੱਤਿਆਚਾਰ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਜ਼ਦੂਰਾਂ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮਾਫ ਕਰਨਾ ਤਾਂ ਦੂਰ ਉਲਟਾ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਤੇ ਮੁੱਖ ਮੰਤਰੀ ਮਾਨ ਦੀਆਂ ਨੀਤੀਆਂ ਕਾਰਨ ਨੌਜਵਾਨ ਵਿਦੇਸ਼ੀ ਧਰਤੀ ਤੇ ਰੁਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਐਸ, ਸੀ/ ਬੀ, ਸੀ ਸਮਾਜ ਫੁੱਟਪਾਉ ਤਾਕਤਾਂ ਤੋਂ ਸੁਚੇਤ ਰਹਿਣ। ਅਤੇ ਰਾਜ ਅੰਦਰ ਆਜ਼ਾਦ ਲੋਕ ਸਿਆਸੀ ਤਾਕਤ ਉਸਾਰਨ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦਾ ਸਾਥ ਦੇਣ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਮਨਜੀਤ ਕੌਰ ਜੋਗਾ, ਜ਼ਿਲ੍ਹਾ ਮੀਤ ਪ੍ਰਧਾਨ ਭੋਲਾ ਸਿੰਘ ਝੱਬਰ, ਬਾਵਾ ਸਿੰਘ ਜੋਗਾ, ਪਰਮਜੀਤ ਕੌਰ ਨੇਂ ਵੀ ਸੰਬੋਧਨ ਕੀਤਾ।