13 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਮਹਾਂਪੰਚਾਇਤ ‘ਚ ਸ਼ਾਮਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜਥਾ ਯੂਨੀਅਨ ਸਕੱਤਰ ਦਲਜੀਤ ਸਿੰਘ ਦਿਆਲਪੁਰਾ,ਪ੍ਰਧਾਨ ਗੁਰਨਾਮ ਸਿੰਘ ਬਾਸਰਕੇ ਅਤੇ ਤਹਿਸੀਲ ਸਕੱਤਰ ਕੇਵਲ ਸਿੰਘ ਕੰਬੋਕੇ ਦੀ ਪ੍ਰਧਾਨਗੀ ਹੇਠ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਤਹਿਸੀਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਅਤੇ ਜਿਲ੍ਹਾ ਕਮੇਟੀ ਮੈਂਬਰ ਬਲਦੇਵ ਸਿੰਘ ਅਹਿਮਦਪੁਰ ਨੇ ਆਖਿਆ ਕਿ ਸੰਯੁਕਤ ਮੋਰਚੇ ਵੱਲੋਂ ਕੀਤੇ ਸੰਘਰਸ਼ ਦੇ ਦਬਾਅ ਸਦਕਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ ਸਨ,ਪ੍ਰੰਤੂ ਲਗਭੱਗ ਦਸ ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾਈਆਂ ਨੇ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਤੇ ਨਾ ਹੀ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੁਦਰਤੀ ਆਫਤਾਂ ਕਾਰਨ ਨੁਕਸਾਨੀਆਂ ਫਸਲਾਂ ਦਾ ਪੂਰਾ ਮੁਆਵਜ਼ਾ ਦੇਣ ਲਈ ਫ਼ਸਲ ਬੀਮਾ ਯੋਜਨਾ ਵੀ ਲਾਗੂ ਨਹੀਂ ਕਰ ਰਹੀ। ਇਸੇ ਤਰ੍ਹਾਂ ਸਰਕਾਰ 60 ਸਾਲ ਉਮਰ ਪੂਰੀ ਕਰ ਚੁੱਕੇ ਕਿਸਾਨ-ਮਜ਼ਦੂਰਾਂ ਨੂੰ ਦਸ-ਦਸ ਹਜ਼ਾਰ ਰੁਪਏ ਮਾਸਕ ਪੈਨਸ਼ਨ ਦੇਣ ਨਹੀਂ ਦੇ ਰਹੀ,ਲਖੀਮਪੁਰ ਖੀਰੀ ਦੇ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਨੂੰ ਕਾਰ ਹੇਠਾਂ ਦਰੜ ਕੇ ਮਾਰਨ ਵਾਲੇ ਅਜੇ ਮਿਸ਼ਰਾ ਟੈਣੀ ਨੂੰ ਕੈਬਨਿਟ ਤੇ ਪਾਰਟੀ ‘ਚੋਂ ਬਰਖਾਸਤ ਕਰਨ ਤੋਂ ਇਲਾਵਾ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ,ਮਜ਼ਦੂਰਾਂ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਮਿਤੀ 14 ਮਾਰਚ ਨੂੰ ਦਿੱਲੀ ਮਹਾਂਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਗੁਰਬਖ਼ਸ਼ ਸਿੰਘ ਬਾਸਰਕੇ,ਹੀਰਾ ਸਿੰਘ ਸਰਪੰਚ ਕਾਲੇ,ਗੁਰਸੇਵਕ ਸਿੰਘ,ਜਸਵਿੰਦਰ ਸਿੰਘ ਕੰਬੋਕੇ,ਗੁਰਸੇਵਕ ਸਿੰਘ,ਤਰਲੋਚਨ ਸਿੰਘ,ਸਾਹਿਬ ਸਿੰਘ, ਗੁਰਵੇਲ ਸਿੰਘ ਭਿੱਖੀਵਿੰਡ,ਰਣਜੀਤ ਸਿੰਘ,ਟਹਿਲ ਸਿੰਘ ਦਿਆਲਪੁਰਾ,ਸਰਵਣ ਸਿੰਘ ਉਰਫ ਸੰਮਾ, ਮੇਜਰ ਸਿੰਘ ਆਦਿ ਆਗੂ ਹਾਜ਼ਰ ਸਨ।