—ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਵਿੱਚ ਕ੍ਰਿਸ਼ਨਾ ਨਦੀ ਦੇ ਕੰਢੇ ਕੁਲਾਰ ਖਾਨ ਵਿੱਚੋਂ ਇੱਕ ਵਡ ਆਕਾਰ ਦਾ 793 ਕੈਰੇਟ ਦਾ ਹੀਰਾ ਮਿਲਿਆ। ਇਸ ਸਮੇਂ ਇੱਥੇ ਕਾਕਤੀਆਂ ਵੰਸ਼ ਦਾ ਰਾਜ ਸੀ। ਕਾਕਤੀਆ ਵੰਸ਼ ਦੇ ਸ਼ਾਹੀ ਖਾਨਦਾਨ ਨੇ ਰਾਮੱਪਾ ਮੰਦਰ ਦੀ ਦੇਵੀ ਦੀ ਅੱਖ ਵਿੱਚ ਇਸ ਨੂੰ ਜੜ ਦਿੱਤਾ। ਚੌਧਵੀਂ ਸਦੀ ਦੇ ਸ਼ੁਰੂ ਵਿੱਚ ਤੁਰਕੀ ਦੇ ਖਿਲਜੀ ਖ਼ਾਨਦਾਨ ਦੇ ਅਲਾਉਦੀਨ ਖਿਲਜੀ ਨੇ ਦੱਖਣੀ ਭਾਰਤ ਦੇ ਰਾਜਾਂ ਤੇ ਹਮਲਾ ਕੀਤਾ ਅਤੇ ਲੁੱਟ ਮਾਰ ਕੀਤੀ। 1310 ਈਸਵੀ ਦੀ ਗੱਲ ਹੈ ਜਦੋਂ ਅਲਾਉਦੀਨ ਖਿਲਜੀ ਦੇ ਮਲਿਕ ਨਾਇਬ ਮਲਿਕ ਕਾਫ਼ੂਰ ਨੇ ਇਸ ਮੰਦਰ ਨੂੰ ਲੁੱਟਿਆ ਅਤੇ ਉਥੋਂ ਇਹ ਹੀਰਾ ਚੁਰਾ ਲਿਆ। ਇਸ ਤਰ੍ਹਾਂ ਇਹ ਹੀਰਾ ਦਿੱਲੀ ਅਲਾਓਦੀਨ ਖਿਲਜੀ ਕੋਲ਼ ਪੁੱਜ ਗਿਆ। ਕੁਝ ਇਤਿਹਾਸਕਾਰਾਂ ਅਨੁਸਾਰ ਇਹ ਹੀਰਾ ਦੱਖਣੀ ਭਾਰਤ ਵਿੱਚ ਗੋਲਕੁੰਡਾ ਦੀ ਖਾਣ ਵਿੱਚੋਂ ਨਿਕਲਿਆ। ਇਹ ਹੀਰਾ ਮਾਲਵਾ ਘਰਾਣੇ ਦੇ ਸ਼ਾਹੀ ਖ਼ਾਨਦਾਨ ਕੋਲ਼ 1304 ਈਸਵੀ ਤੱਕ ਰਿਹਾ ਫਿਰ ਇਹ ਹੀਰਾ ਅਲਾਉਦੀਨ ਖਿਲਜੀ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।
ਦਿੱਲੀ ਸਲਤਨਤ ਦੇ ਕੋਲ਼ੋਂ ਇਹ ਹੀਰਾ ਖਿਲਜੀ ਵੰਸ਼ ਤੋਂ ਲੋਧੀ ਵੰਸ਼ ਕੋਲ ਪੁੱਜਾ। ਲੋਧੀ ਵੰਸ਼ ਤੋਂ 1526 ਈਸਵੀ ਵਿੱਚ ਬਾਬਰ ਨੇ ਆਪਣੀ ਜਿੱਤ ਦੌਰਾਨ ਇਸ ਤੇ ਕਬਜ਼ਾ ਕਰ ਲਿਆ। ਇਹ ਹੀਰਾ ਵੱਖ-ਵੱਖ ਮੁਗ਼ਲ ਬਾਦਸ਼ਾਹਾਂ, ਉੱਤਰਾਧਿਕਾਰੀਆਂ ਤੱਕ ਪਹੁੰਚਦਾ ਰਿਹਾ। ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੇ ਸ਼ਾਹੀ ਤਖਤ (ਮੋਰ ਤਖਤ) ਵਿੱਚ ਇਹ ਹੀਰਾ ਜੁੜਵਾ ਲਿਆ ਜਦੋਂ ਸ਼ਾਹਜਹਾਨ ਨੂੰ ਔਰੰਗਜ਼ੇਬ ਨੇ ਕੈਦ ਕਰਕੇ ਆਗਰੇ ਦੇ ਕਿਲੇ ਵਿੱਚ ਕੈਦ ਕਰ ਲਿਆ ਤਾਂ ਉਸ ਨੇ ਇਸ ਹੀਰੇ ਨੂੰ ਹਾਸਿਲ ਕਰਕੇ ਵੈਕੇਸ਼ ਜੌਹਰੀ ਨੂੰ ਤਰਾਸ਼ਣ ਲਈ ਦਿੱਤਾ ਜਿਸ ਨੇ ਇਸ ਨੂੰ ਕੱਟ ਕੇ 186 ਕੈਰਟ ਦਾ ਕਰ ਦਿੱਤਾ। ਮੁਗ਼ਲ ਬਾਦਸ਼ਾਹ ਸ਼ਾਹ ਮੁਹੰਮਦ ਰੰਗੀਲਾ ਇਸ ਨੂੰ ਆਪਣੀ ਪਗੜੀ ਤੇ ਸਜਾਉਂਦਾ ਸੀ।
1738-39 ਈਸਵੀ ਵਿੱਚ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕਰਕੇ ਖੂਬ ਲੁੱਟ ਮਚਾਈ ਅਤੇ ਇਹ ਹੀਰਾ ਵੀ ਲੁੱਟ ਕੇ ਆਪਣੇ ਤੋਸ਼ਾਖਾਨੇ ਵਿੱਚ ਲਿਆ ਰੱਖਿਆ। ਉਹ ਇਸ ਹੀਰੇ ਨੂੰ ਵੇਖ ਕੇ ਬੜਾ ਅਚੰਭਤ ਹੋਇਆ ਤੇ ਉਸ ਨੇ ਇਸ ਨੂੰ ਕੋਹ-ਏ-ਨੂਰ ਭਾਵ ਰੋਸ਼ਨੀ ਦਾ ਪਹਾੜ ਕਿਹਾ। ਇਸ ਤੋਂ ਇਸ ਦਾ ਨਾਂ ਕੋਹਿਨੂਰ ਪੈ ਗਿਆ। 1747 ਵਿੱਚ ਨਾਦਰ ਸ਼ਾਹ ਦੀ ਹਕੂਮਤ ਖ਼ਤਮ ਹੋ ਗਈ। 1751 ਵਿੱਚ ਨਾਦਰ ਸ਼ਾਹ ਦੇ ਪੋਤਰੇ ਨੇ ਇਸ ਹੀਰੇ ਨੂੰ ਅਫ਼ਗ਼ਾਨ ਸਰਦਾਰ ਅਹਿਮਦ ਸ਼ਾਹ ਦੁਰਾਨੀ ਨੂੰ ਭੇਟ ਕਰ ਦਿੱਤਾ। ਅਹਿਮਦ ਸ਼ਾਹ ਦੁਰਾਨੀ ਤੋਂ ਇਹ ਹੀਰਾ ਉਸ ਦੇ ਪੋਤੇ ਸ਼ਾਹ ਸੁਜਾ ਦੇ ਹੱਥ ਆਇਆ। ਸ਼ਾਹ ਸਜਾ ਨੂੰ ਆਪਣੇ ਅਫ਼ਗਾਨੀ ਇਲਾਕੇ ਤੇ ਜਦ ਰੂਸ ਦੇ ਸੰਭਾਵੀ ਹਮਲੇ, ਕਾਬਲ ਵਿੱਚ ਆਪਣੇ ਭਰਾਵਾਂ ਦੀ ਬਗ਼ਾਵਤ ਅਤੇ ਜਾਨਸ਼ੀਨੀ ਯੁੱਧ ਦਾ ਖਤਰਾ ਭਾਂਪਿਆ ਤਾਂ ਉਸ ਨੇ ਅੰਗਰੇਜ਼ਾਂ ਨਾਲ਼ ਗੱਠਜੋੜ ਕਰ ਲਿਆ। ਆਪਣੀ ਹਾਰ ਹੋਣ ਤੇ ਉਹ ਭੱਜ ਕੇ ਲਾਹੌਰ ਆ ਗਿਆ। ਲਾਹੌਰ ਵਿੱਚ ਉਸ ਨੇ ਮਹਿਮਾਨ ਨਿਵਾਜੀ ਤੋਂ ਖ਼ੁਸ਼ ਹੋ ਕੇ ਸਤਿਕਾਰ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਹੀਰਾ ਭੇਟ ਕਰ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਨਾਲ਼ ਮਿੱਤਰਤਾ ਕੀਤੀ ਤਾਂ ਉਸਨੇ ਉਹਨਾਂ ਨਾਲ਼ ਪਗੜੀ ਵਟਾਈ ਅਤੇ ਇਹ ਹੀਰਾ ਉਸਦੀ ਪਗੜੀ ਦੇ ਨਾਲ਼ ਹੀ ਮਹਾਰਾਜਾ ਰਣਜੀਤ ਸਿੰਘ ਕੋਲ਼ ਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਅਣਮੁੱਲੇ ਕੋਹਿਨੂਰ ਹੀਰੇ ਨੂੰ ਆਪਣੇ ਮਿਸਰ ਬੇਲੀ ਰਾਮ ਦੀ ਖ਼ਾਸ ਨਿਗਰਾਨੀ ਹੇਠ 40 ਊਠਾਂ ਦੇ ਕਾਫ਼ਲੇ ਵਿੱਚ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਵਿੱਚ ਭਾਰੀ ਸੁਰੱਖਿਆ ਅਧੀਨ ਰੱਖ ਦਿੱਤਾ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ 26 ਜੂਨ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਉਹ ਬੋਲਣ ਤੋਂ ਅਸਮਰੱਥ ਸਨ ਤਾਂ ਆਪਣਾ ਵਾਰਸ ਸ੍ਰ. ਖੜਕ ਸਿੰਘ ਨੂੰ ਚੁਣਿਆ। ਮਹਾਰਾਜਾ ਨੇ ਇਸ਼ਾਰਿਆਂ ਨਾਲ਼ ਹੀਰੇ ਬਾਰੇ ਕੁਝ ਕਿਹਾ ਰਾਜ ਦਰਬਾਰ ਵਿਚਲੇ ਮੁੱਖ ਬ੍ਰਾਹਮਣ ਨੇ ਇਹ ਗੱਲ ਕਹੀ ਕਿ ਮਹਾਰਾਜਾ ਸਾਹਿਬ ਇਹ ਹੀਰਾ ਜਗਨਨਾਥ ਮੰਦਰ ਨੂੰ ਦੇਣਾ ਚਾਹੁੰਦੇ ਹਨ ਪਰ ਖ਼ਜ਼ਾਨਚੀ ਬੇਲੀ ਰਾਮ ਇਸ ਗੱਲ ਤੇ ਅੜ ਗਿਆ ਅਤੇ ਉਸਨੇ ਕਿਹਾ ਕਿ ਇਹ ਹੀਰਾ ਮਹਾਰਾਜਾ ਸਾਹਿਬ ਦੀ ਨਿੱਜੀ ਜਾਇਦਾਦ ਨਹੀਂ ਸਗੋਂ ਸਿੱਖ ਰਾਜ ਦੀ ਅਮਾਨਤ ਹੈ। ਇਸ ਲਈ ਇਹ ਦਾਨ ਨਹੀਂ ਦਿੱਤਾ ਜਾ ਸਕਦਾ ਸਗੋਂ ਅਗਲੇ ਵਾਰਸ ਸ੍ਰ. ਖੜਕ ਸਿੰਘ ਨੂੰ ਸੌਂਪਣਾ ਚਾਹੀਦਾ ਹੈ।
ਸਿੱਖ ਦਰਬਾਰ ਵਿਚਲੇ ਗਦਾਰਾਂ ਦੀਆਂ ਸਾਜਿਸ਼ਾਂ ਅਤੇ ਵਾਰਸਾਂ ਦੇ ਕਤਲੇਆਮ ਤੋਂ ਬਾਅਦ ਸਤੰਬਰ 1843 ਵਿੱਚ ਪੰਜ ਸਾਲਾਂ ਦੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਰਾਜ ਦਾ ਵਾਰਸ ਘੋਸ਼ਿਤ ਕੀਤਾ ਗਿਆ ਅਤੇ ਇਹ ਹੀਰਾ ਉਸ ਦੀ ਹਕੂਮਤ ਦਾ ਹਿੱਸਾ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲਾ ਤੇ ਦੂਸਰਾ ਅੰਗਰੇਜ਼ ਸਿੱਖ ਯੁੱਧ ਹੋਇਆ। ਇਸ ਦੀ ਸਮਾਪਤੀ ਤੇ 29 ਮਾਰਚ 1849 ਨੂੰ ਲਾਹੌਰ ਦੀ ਆਖਰੀ ਸੰਧੀ ਤੇ ਦਸਤਖਤ ਕੀਤੇ ਗਏ। ਇਸ ਸੰਧੀ ਕਾਰਨ ਇਹ ਹੀਰਾ ਅਧਿਕਾਰਤ ਤੌਰ ਤੇ ਲਾਰਡ ਡਲਹੌਜ਼ੀ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਸੌਂਪ ਦਿੱਤਾ ਜਾਂਦਾ ਹੈ। ਇਸ ਨੂੰ ਤਿੰਨ ਜੁਲਾਈ 1850 ਈਸਵੀ ਨੂੰ ਈਸਟ ਇੰਡੀਆ ਕੰਪਨੀ ਦੇ ਡਿਪਟੀ ਚੇਅਰਮੈਨ ਦੁਆਰਾ ਬਕਿੰਗਮ ਪੈਲਸ ਵਿਖੇ ਮਹਾਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਗਿਆ। 1852 ਵਿੱਚ ਮਹਾਰਾਣੀ ਵਿਕਟੋਰੀਆ ਦੇ ਤਾਜ ਤੇ ਲਾਉਣ ਲਈ ਇਸ ਕੋਹੇਨੂਰ ਹੀਰੇ ਨੂੰ ਪਹਿਲੀ ਵਾਰ ਦੋ ਟੁਕੜਿਆਂ ਵਿੱਚ ਕਟਵਾਇਆ ਗਿਆ। ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਵਿਲੀਅਮ ਐਡਵਰਡ ਸੱਤਵੇਂ ਦੀ ਪਤਨੀ ਅਲੈਕਜੈਂਡਰਾ ਦੇ ਤਾਜ ਵਿੱਚ ਸਜਾਇਆ ਗਿਆ। 1911 ਵਿੱਚ ਇਹ ਹੀਰਾ ਰਾਣੀ ਮੈਰੀ ਦੇ ਤਾਜ ਵਿੱਚ ਤਬਦੀਲ ਕੀਤਾ ਗਿਆ। 1937 ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਵਿੱਚ, ਕਿੰਗ ਚਾਰਲਸ ਦੂਜੇ ਦੀ ਤਾਜਪੋਸ਼ੀ ਮੌਕੇ ਅਤੇ ਮਹਾਰਾਣੀ ਕੈਮਿਲਾ ਨੂੰ 6 ਮਈ 2023 ਨੂੰ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਵੇਲ਼ੇ ਰਾਣੀ ਮੈਰੀ ਵਾਲਾ ਤਾਜ ਪਹਿਨਾਇਆ ਗਿਆ।
ਹੁਣ ਸ਼ਾਹੀ ਖ਼ਾਨਦਾਨ ਵੱਲੋਂ ਇਸ ਨੂੰ ਟਾਵਰ ਆੱਫ਼ ਲੰਡਰ ਦੇ ਜਿਊਲਰ ਹਾਊਸ ਵਿੱਚ ਸਖ਼ਤ ਸੁਰੱਖਿਆ ਅਧੀਨ ਰੱਖਿਆ ਗਿਆ ਹੈ। ਹੁਣ ਇਸ ਦਾ ਵਜਨ 106-1/6 ਕੈਰੇਟ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਇਸਦੀ ਮਲਕੀਅਤ ਲਈ ਦਾਅਵੇ ਕੀਤੇ ਜਾ ਰਹੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਸਰਕਾਰ ਨੇ 1947 ਵਿੱਚ ਇਸ ਨੂੰ ਵਾਪਸ ਦੇਣ ਦੀ ਮੰਗ ਰੱਖੀ ਪਰ ਬਰਤਾਨਵੀ ਸਰਕਾਰ ਨੇ ਠੁਕਰਾ ਦਿੱਤਾ। ਫਿਰ 2000 ਵਿੱਚ, ਫਿਰ 2010 ਅਤੇ 2016 ਵਿੱਚ ਵੀ ਵਾਪਸ ਮੰਗਿਆ ਗਿਆ। ਪਾਕਿਸਤਾਨ ਵੱਲੋਂ ਵੀ 1976 ਵਿੱਚ ਇਸ ਤੇ ਦਾਅਵੇਦਾਰੀ ਕਰਦਿਆਂ ਇਸ ਨੂੰ ਮੰਗਿਆ ਗਿਆ। ਅਫਗਾਨਿਸਤਾਨ ਨੇ ਵੀ 2000 ਵਿੱਚ ਇਸ ਤੇ ਆਪਣਾ ਅਧਿਕਾਰ ਜਤਾਇਆ ਪਰ ਬਰਤਾਨਵੀ ਸਰਕਾਰ ਨੇ ਸਾਰੇ ਦੇਸ਼ਾਂ ਦੀ ਮੰਗ ਠੁਕਰਾ ਦਿੱਤੀ ਅਤੇ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਵੇਲੇ ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਵੱਡਆਕਾਰੀ ਕੋਹਿਨੂਰ ਹੀਰਾ ਬਰਤਾਨਵੀ ਸਰਕਾਰ ਦੇ ਕਬਜ਼ੇ ਹੇਠ ਹੈ। ਸਿੱਖ ਰਾਜ ਦੀ ਇਹ ਅਣਮੁੱਲੀ ਵਿਰਾਸਤ ਪਤਾ ਨਹੀਂ ਕਦੋਂ ਵਾਪਸ ਮਿਲੇਗੀ।
ਜਗਤਾਰ ਸਿੰਘ ਸੋਖੀ
ਫ਼ੋਨ : 9417166386
ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਵਿੱਚ ਕ੍ਰਿਸ਼ਨਾ ਨਦੀ ਦੇ ਕੰਢੇ ਕੁਲਾਰ ਖਾਨ ਵਿੱਚੋਂ ਇੱਕ ਵਡ ਆਕਾਰ ਦਾ 793 ਕੈਰੇਟ ਦਾ ਹੀਰਾ ਮਿਲਿਆ-ਜਗਤਾਰ ਸਿੰਘ ਸੋਖੀ
Leave a comment