ਪੰਜਾਬ ਤੋਂ ਪਰਤੇ ਵੱਡੇ ਵੀਰ ਨੇ ਆ ਕਿਹਾ, ਛੋਟੇ ਭਾਈ ਪੰਜਾਬ ਸਿਉਂ ਤਾਂ ਵੈਂਟੀਲੇਟਰ ਉਤੇ ਪਿਆ ਹੈ । ਸਿਆਸੀ ਪਾਰਟੀਆਂ ਇਹ ਦਾ ਮੁੱਲ ਵੱਟੀ ਜਾ ਰਹੀਆਂ ਨੇ। ਪਹਿਲਾਂ ਕਾਂਗਰਸ, ਫੇਰ ਅਕਾਲੀ ਤੇ ਹੁਣ ਆਪ ਵਾਲੇ। ਮੈਨੂੰ ਨਹੀਂ ਲੱਗਦਾ, ਇਹਦਾ ਕੁੱਝ ਬਚੇਗਾ?
ਉਹਨੇ ਜਦ ਇਹ ਗੱਲ ਮੈਨੂੰ ਦੱਸੀ ਤਾਂ ਮੈਨੂੰ ਕਿਸੇ ਨਿੱਜੀ ਹਸਪਤਾਲ ਦੀ ਉਹ ਘਟਨਾ ਚੇਤੇ ਆ ਗੀ, ਜਿਸ ਦੇ ਵਿੱਚ ਅਕਸ਼ੇ ਕੁਮਾਰ ਇਕ ਮਰੇ ਬੰਦੇ ਨੂੰ ਦਾਖਲ ਕਰਵਾਉਂਦਾ ਹੈ। ਜੋ ਡਰਾਮਾ ਹੁੰਦਾ ਹੈ, ਉਹ ਤੁਸੀਂ ਅਕਸਰ ਇਹੋ ਜਿਹੇ ਹਸਪਤਾਲਾਂ ਵਿੱਚ ਦੇਖਿਆ ਹੋਇਆ ਹੈ। ਕਿਵੇਂ ਮਰੇ ਬੰਦੇ ਦੀ ਡਾਕਟਰ ਛਿੱਲ ਲਾਈ ਜਾਂਦੇ ਹਨ। ਕੋਈ ਸੰਗ ਸ਼ਰਮ ਨਹੀਂ। ਹੁਣ ਪੰਜਾਬ ਦੀ ਹਾਲਤ ਵੀ ਇਹੋ ਹੀ ਬਣੀ ਹੋਈ ਹੈ । ਜਿਸ ਦੇ ਕੋਲ ਪੂੰਜੀ ਐ, ਉਹ ਆਪਣੇ ਟੱਬਰ ਦਾ ਇਲਾਜ ਕਰਵਾਉਣ ਲਈ ਵਿਦੇਸ਼ਾਂ ਨੂੰ ਜਹਾਜ਼ ਚੜ੍ਹੀ ਜਾ ਰਿਹਾ ਹੈ। ਜਿਹਨਾਂ ਕੋਲ ਹੈ ਹੀ ਕੁੱਝ ਨਹੀਂ, ਉਹ ਊਂ ਝੂਰੀ ਜਾਂਦੇ ਹਨ। ਜੇ ਬਾਪੂ ਪੰਜਾਬ ਸਿਉਂ ਨੂੰ ਦਾਖਲ ਕਰਵਾਇਆ ਕਿਥੋਂ ਜ਼ਮੀਨਾਂ ਵੇਚ ਕੇ ਡਾਕਟਰ ਦਾ ਢਿੱਡ ਭਰਾਂਗੇ? ਉਹਨਾਂ ਕੋਲ ਹੁਣ ਜਮੀਰਾਂ ਵੀ ਨਹੀਂ ਬਚੀਆਂ? ਜਾਂ ਉਹ ਇਹ ਸੋਚੀ ਜਾ ਰਹੇ ਹਨ ਕਿ ਅੱਗ ਤੇ ਗੁਆਂਢੀ ਦੇ ਲੱਗੀ ਹੋਈ ਹੈ, ਆਪਾਂ ਕੀ ਲੈਣਾ ਹੈ? ਪਰ ਹੁਣ ਇਹ ਅੱਗ ਘਰ ਘਰ ਪੁੱਜ ਗਈ ਹੈ । ਹੁਣ ਨਾ ਘਰ ਬਚਣਾ ਐ ਤੇ ਨਾ ਪੰਜਾਬ ਸਿਉਂ ਬਾਪੂ। ਮੈਨੂੰ ਸੁਰਜੀਤ ਪਾਤਰ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ । ਲੱਗੀ ਜੇ ਕਾਲਜੇ ਤੇਰੇ ਛੁਰੀ ਨਹੀਂ,
ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ?
ਆਖਿਰ ਕਦੋਂ ਤੀਕ ਮੁਰਦਿਆਂ ਦੇ ਦੁਆਲੇ ਬੈਠ ਕੇ ਭਾਣਾ ਮੰਨਣ ਦਾ ਢੌਂਗ ਕਰਦੇ ਰਹੋਗੇ? ਹੁਣ ਫਸਲਾਂ ਤੋਂ ਬਾਅਦ ਸਿਸਟਮ ਦੀ ਸਿਉਂਕ ਨਸਲਾਂ ਨੂੰ ਲੱਗ ਗਈ ਹੈ। ਇਸ ਤੋਂ ਆਪਣੇ ਆਪ ਤੇ ਹੋਰਨਾਂ ਨੂੰ ਬਚਾ ਲਵੋ । ਪਤਾ ਹੀ ਐ ਕਿ
ਸਿਸਟਮ ਚੁਟਕਲਿਆਂ ਨਾਲ ਲੋਕਾਂ ਦੇ ਢਿੱਡ ਭਰਨ ਲਈ ਝੇਡਾਂ ਕਰਦਾ ਹੈ, ਕਿਉਂਕਿ ਤੁਸੀਂ ਭੇਡਾਂ ਬਣ ਗਏ ਹੋ। ਤੁਸੀਂ ਸੋਚਦੇ ਹੋ, ਮੈਨੂੰ ਦੁੱਖ ਕਿਉਂ ਹੋਵੇਗਾ ਮੇਰਾ ਕਿਹੜਾ ਕੋਈ ਮਰਿਆ ਐ ? ਇਹ ਕਹਿ ਕੇ ਕਦੋਂ ਤੱਕ ਤੁਸੀਂ ਪੱਲਾ ਝਾੜ ਕੇ ਪਾਸਾ ਵੱਟ ਦੇ ਰਹੋਗੇ? ਆਉਣ ਵਾਲੀਆਂ ਨਸਲਾਂ ਤੇ ਇਤਿਹਾਸ ਨੇ ਤੁਹਾਨੂੰ ਸਵਾਲ ਕਰਨੇ ਹਨ ਕਿ ਅਸੀਂ ਖੁਸਰਿਆਂ ਦੇ ਵਾਰਿਸ ਆਂ। ਸਾਡੇ ਪੁਰਖੇ ਚੁੱਪ ਚਾਪ ਤਮਾਸ਼ਾ ਦੇਖਣ ਵਾਲੇ ਸਨ। ਸਾਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬੀਆਂ ਤੇ ਸਿੱਖਾਂ ਦਾ ਕੀ ਇਤਿਹਾਸ ਸੀ ਤੇ ਅਸੀਂ ਕੀ ਬਣਾਉਣ ਲੱਗੇ ਹੋਏ ਆਂ?
ਮੈਨੂੰ ਇਹ ਗੱਲ ਸੁਣ ਕੇ ਕਿਉਂ ਨਹੀਂ ਦਰਦ ਹੋਇਆ ।
ਇਹ ਗੱਲ ਕਰਦੇ ਅਸੀਂ ਲੰਮੇ ਸਫਰ ਵਲ ਤੁਰ ਗਏ ।
ਕੀ ਪੰਜਾਬ ਸੱਚੀ ਮੁੱਚੀ ਵੈਂਟੀਲੇਟਰ ਉੱਤੇ ਐ ? ਜਾਂ ਮੈਨੂੰ ਉਹਨੇ ਗਲਤ ਦੱਸਿਆ ਹੈ ? ਜੇ ਤੁਸੀਂ ਖਬਰ ਲੈਣ ਗਏ ਤਾਂ ਦੱਸਣਾ। ਕੋਈ ਦੱਸੇਗਾ ਪੰਜਾਬ ਸਿਉਂ ਦੀ ਖਬਰਸਾਰ ? ਕਿ ਤੁਹਾਡਾ ਵੀ ਮੱਚ ਮਰ ਗਿਆ ਹੈ ?
=====
9464370823
ਬੁੱਧ ਚਿੰਤਨ /ਬੁੱਧ ਸਿੰਘ ਨੀਲੋਂ, ਪੰਜਾਬ ਵੈਂਟੀਲੇਟਰ ‘ਤੇ ?
Leave a comment