06 ਅਪ੍ਰੈਲ (ਸੁਖਪਾਲ ਸਿੰਘ ਬੀਰ) ਬੁਢਲਾਡਾ: ਅੱਜ ਬੁਢਲਾਡਾ ਵਿਖੇ ਰੱਖੀ ਗਈ ਚੋਣਾਂ ਸਬੰਧੀ ਰੈਲੀ ਦਾ ਵੱਖ ਵੱਖ ਜਥੇਬੰਦੀਆਂ ਤੇ ਯੂਨੀਅਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਇਹ ਰੈਲੀ ਭਾਜਪਾ ਦੇ ਖ਼ਾਸਮ ਖ਼ਾਸ ਕਹਾਓਂਦੇ ਸਾਬਕਾ ਕਾਂਗਰਸੀ ਆਗੂ ਮੰਗਤ ਰਾਮ ਬਾਂਸਲ ਤੇ ਰਾਕੇਸ਼ ਜੈਨ ਵੱਲੋਂ ਰਾਮ ਲੀਲਾ ਗਰਾਉਂਡ ਵਿੱਚ ਆਯੋਜਿਤ ਕੀਤੀ ਗਈ ਸੀ।
ਇਸਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੋਹਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਕਲੀਪੁਰ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਤੋਂ ਚੱਲ ਕੇ, ਬੀਜੇਪੀ ਮੁਰਦਾਬਾਦ ਦੇ ਨਾਹਰੇ ਲਾਉਂਦੇ ਹੋਏ ਰੈਲੀ ਵਾਲੀ ਥਾਂ ਦਾ ਮੁੱਖ ਮਾਰਗ ਮੱਲਿਆ ਗਿਆ ਤੇ ਚੱਕਾ ਜ਼ਾਮ ਕੀਤਾ ਗਿਆ।
ਪ੍ਰੈਸ ਨਾਲ਼ ਰੂਬਰੂ ਹੁੰਦਿਆਂ ਦਿਲਬਾਗ ਸਿੰਘ ਕਲੀਪੁਰ ਤੇ ਮੇਵਾ ਸਿੰਘ ਕੁਲਾਣਾ ਦੇ ਨਾਲ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਕਾਠ ਨੇ ਰੋਸ ਪ੍ਰਗਟ ਕੀਤਾ ਕਿ ਭਾਜਪਾ ਦੇਸ਼ ਦੀ ਸਭ ਤੋਂ ਲੁਟੇਰੀ ਪਾਰਟੀ ਹੈ। ਇਸਨੂੰ ਪੰਜਾਬ ਵਿੱਚ ਵੋਟਾਂ ਮੰਗਣ ਤੇ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਲੋਕਾਂ ਤੇ ਖ਼ਾਸ ਕਰਕੇ ਕਿਸਾਨੀ ਵਰਗ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਜਾਂ ਵਿਰੋਧ ਪ੍ਰਗਟ ਕਰਨ ਲਈ ਆਪਣੇ ਦੇਸ਼ ਦੀ ਰਾਜਧਾਨੀ ਵੀ ਨਹੀਂ ਜਾਣ ਦਿੱਤਾ ਗਿਆ ਸਗੋਂ ਦੁਸ਼ਮਣ ਦੇਸ਼ ਜਿਹਾ ਵਰਤਾਓ ਕੀਤਾ ਗਿਆ ਤੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਦੇਸ਼ ਨੂੰ ਤਾਨਾਸ਼ਾਹੀ ਦੀ ਬਲੀ ਚਾੜਿਆ ਗਿਆ ਹੈ ਤੇ ਕਿਸਾਨੀ ਵਰਗ ਖ਼ਾਸ ਕਰਕੇ ਪੰਜਾਬੀਆਂ ਨੂੰ ਅਲਹਿਦਿਗੀ ਦਾ ਅਹਿਸਾਸ ਕਰਵਾਇਆ ਗਿਆ ਹੈ। ਇੰਨਾ ਕੁੱਝ ਕਰਕੇ ਵੀ ਪੰਜਾਬ ਦੇ ਲੋਕ ਅਜਿਹੀ ਪਾਰਟੀ ਤੇ ਉਸਦੇ ਝੋਲੀ ਚੁੱਕਾਂ ਨੂੰ ਕਿਵੇਂ ਮੂੰਹ ਲਾ ਸਕਦੇ ਹਨ।
ਦੂਸਰੇ ਪਾਸੇ ਇੰਨੇ ਵਿਆਪਕ ਵਿਰੋਧ ਕਾਰਨ ਭਾਜਪਾ ਦੀ ਮਹਿਮਾਨ ਲੀਡਰਸ਼ਿਪ ਤੇ ਲੋਕਲ ਲੀਡਰਾਂ ਨੂੰ ਵੀ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ।