25 ਸਤੰਬਰ (ਨਾਨਕ ਸਿੰਘ ਖੁਰਮੀ) ਬੁਢਲਾਡਾ: ਗੁਰੂ ਨਾਨਕ ਕਾਲਜ ਬੁਢਲਾਡਾ, ਵਿਖੇ ਧਰਮ ਅਧਿਐਨ ਵਿਭਾਗ ਅਤੇ ਪੰਜਾਬੀ ਵਿਭਾਗ ਵੱਲੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ ਅਤੇ ਡਾ. ਰਜਿੰਦਰ ਕੌਰ ਦੁਆਰਾ ਕੈਂਪ ਦੀ ਰੂਪ-ਰੇਖਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ। ਇਸ ਕੈਂਪ ਬਾਰੇ ਬੋਲਦੇ ਹੋਏ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸ੍ਰੀ ਸਹਿਜ ਪਾਠ ਸੇਵਾ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਅਤੇ ਦੱਸਿਆ ਕਿ ਗੁਰੂ ਨਾਨਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਲਈ ਸਮੇਂ ਸਮੇਂ ‘ਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਡਾ. ਰਾਜਨਦੀਪ ਕੌਰ ਮੁਖੀ ਪੰਜਾਬੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪਹਿਲੇ ਦਿਨ ਲੁਧਿਆਣਾ ਤੋਂ ਪਹੁੰਚੇ ਸ ਸਤਨਾਮ ਸਿੰਘ ਸਲ੍ਹੋਪੁਰੀ ਵਲੋਂ ਪਹਿਲੇ ਸੈਸ਼ਨ ਵਿੱਚ “ਸਿੱਖ ਧਰਮ ਵਿੱਚ ਔਰਤ ਦਾ ਸਥਾਨ ਤੇ ਕਰਤੱਵ”, (Women in Sikh History) ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਦੂਜੇ ਸੈਸ਼ਨ ਵਿੱਚ ਸ. ਸਲ੍ਹੋਪੁਰੀ ਵੱਲੋਂ “ਅਰਦਾਸ ਦੀ ਲੋਅ ਚ ਸਿੱਖ ਇਤਿਹਾਸ, ਸਿਧਾਂਤ, ਪਰੰਪਰਾਵਾਂ ਤੇ ਸਭਿਆਚਾਰ” ਵਿਸ਼ੇ ਤੇ ਲੈਕਚਰ ਦਿੱਤਾ ਗਿਆ। ਬਾਅਦ ਵਿੱਚ ਵਿਦਿਆਰਥੀਆਂ ਦਾ ਪ੍ਰਸ਼ਨੋਤਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਦੂਸਰੇ ਦਿਨ ਦੀ ਸੁਰੂਆਤ ਮੂਲ ਮੰਤਰ ਦੇ ਪਾਠ ਦੁਆਰਾ ਕੀਤੀ ਗਈ। ਪਹਿਲੇ ਸੈਸ਼ਨ ਦੇ ਮੁੱਖ ਵਕਤਾ ਸ. ਰਾਜਪਾਲ ਸਿੰਘ (ਅੰਮ੍ਰਿਤਸਰ) ਸਨ ਜਿਨ੍ਹਾਂ ਨੇ “ਸੁਖੀ ਪਰਿਵਾਰਕ ਜੀਵਨ ਦੇ ਨੁਕਤੇ” ਵਿਸੇ ‘ਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਜੀਵਨ ਨੂੰ ਸੁਖਮਈ ਬਣਾਉਣ ਬਾਰੇ ਦੱਸਿਆ। ਦੂਸਰੇ ਸੈਸ਼ਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ (ਮਸਤੂਆਣਾ ਸਾਹਿਬ) ਨੇ ਚੋਣਵੀਆਂ ਸਿੱਖ ਸ਼ਖ਼ਸੀਅਤਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਸਮਾਪਤੀ ਸੈਸ਼ਨ ਵਿੱਚ ਵਿਦਿਆਰਥੀਆਂ ਦੁਆਰਾ ਕੈਂਪ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਕੈਂਪ ਵਿੱਚ ਬਹੁਤ ਸਾਰੇ ਨਵੇਂ ਵਿਦਿਆਰਥੀ ਸਹਿਜ ਪਾਠ ਕਰਨ ਲਈ ਤਿਆਰ ਹੋਏ। ਤਿੰਨ ਵਿਦਿਆਰਥੀਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ। ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਵਿੱਚ ਸਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਨਿਤਨੇਮ ਸਟੀਕ, ਅਕਾਦਮਿਕ ਐਕਸੀਲੈੰਟ ਪੁਸਤਕਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਬਿਰਤਾਂਤ (ਕਾਮਿਕਸ) ਪੁਸਤਕਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ. ਜਗਜੀਤ ਸਿੰਘ ਸੁਪਰਵਾਈਜ਼ਰ ਮਾਲਵਾ ਜੋਨ ਨੇ ਅਜਿਹੇ ਕੈਂਪਾਂ ਦੀ ਲੋੜ ਤੇ ਵਿਊਂਤ ਬਾਰੇ ਦੱਸਿਆ। ਡਵਾਇਨ ਵਰਕਰ ਸ. ਗੁਰਵਿੰਦਰ ਸਿੰਘ ਹੀਰੋ ਕਲਾਂ ਨੇ ਧੰਨਵਾਦ ਦੇ ਸ਼ਬਦ ਸਾਂਝੇ ਕੀਤੇ। ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਦੋਵੇਂ ਦਿਨ ਵਿਸੇਸ਼ ਤੌਰ ਕੈਂਪ ਵਿੱਚ ਪਹੁੰਚੇ ਅਤੇ ਵਿਦਿਆਰਥੀ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਤ ਕੀਤਾ। ਡਾ. ਰਜਿੰਦਰ ਕੌਰ, ਮੁਖੀ ਧਰਮ ਅਧਿਐਨ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਕਾਲਜ ਵਿੱਚ ਗੁਰਬਾਣੀ ਪਾਠ ਸੰਬੰਧੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। । ਇਸ ਮੌਕੇ ਡਾ. ਮਨਪ੍ਰੀਤ ਸਿੰਘ ਮੁਖੀ ਸੰਗੀਤ ਵਿਭਾਗ, ਪ੍ਰੋ. ਗੁਰਦੀਪ ਸਿੰਘ, ਡਾ. ਬਲਜਿੰਦਰ ਕੌਰ, ਪ੍ਰੋ. ਵੀਰਪਾਲ ਕੌਰ, ਡਾ. ਅਵਤਾਰ ਸਿੰਘ , ਡਾ. ਆਨੰਦ ਵਰਧਨ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਅਮਨਿੰਦਰ ਕੌਰ, ਡਾ. ਜਤਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਸ੍ਰੀਮਤੀ ਰਮਨਦੀਪ ਸ਼ਰਮਾ ਅਤੇ ਸਹਿਜ ਪਾਠ ਸੇਵਾ ਦੇ ਸ. ਸੁਰਿੰਦਰ ਸਿੰਘ ਪਟਿਆਲਾ ਵੀ ਹਾਜ਼ਰ ਸਨ।