ਬਠਿੰਡਾ, 30 ਦਸੰਬਰ (ਗਗਨਦੀਪ ਸਿੰਘ) ਫੂਲ ਟਾਊਨ: ਅੱਜ ਮਿਤੀ: 30 ਦਸੰਬਰ 2023 ਨੂੰ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ, ਫੂਲ ਟਾਊਨ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭਾ ਦਾ ਪਹਿਲਾ ਸਥਾਪਨਾ ਦਿਵਸ ਜੋ ਕਿ ਪਿਛਲੀ ਮੀਟਿੰਗ ਵਿੱਚ 21 ਫਰਵਰੀ 2024 ਨੂੰ ਮਨਾਉਣਾ ਨਿਸ਼ਚਿਤ ਹੋਇਆ ਸੀ ਸੰਬੰਧੀ ਅਹਿਮ ਵਿਚਾਰਾਂ ਕਰਦਿਆਂ ਕੁੱਝ ਰੂਪ ਰੇਖਾ ਬਣਾਈ ਅਤੇ ਸਭਾ ਦੇ ਬਣਾਏ ਗਏ ਮੰਤਵ ਤੇ ਉਦੇਸ਼, ਨੇਮ ਨਿਯਮ, ਸੰਵਿਧਾਨ ਵਿਧੀ ਵਿਧਾਨ ਉੱਤੇ ਵੀ ਮੁੜ ਚਾਨਣਾ ਪਾਉਂਦੇ ਹੋਏ ਸਭ ਪ੍ਰਵਾਨ ਕੀਤਾ ਗਿਆ। ਸਭਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਵੇਂ ਮੈਂਬਰ ਜੋੜਨ ਸੰਬੰਧੀ ਵੀ ਹਾਜ਼ਰ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸੁਝਾਅ ਪੇਸ਼ ਕੀਤੇ ਗਏ। ਇਸ ਮੀਟਿੰਗ ਮੌਕੇ ਹਾਜ਼ਰ ਮੈਂਬਰਾਂ ਨੇ ਆਪਣੇ ਮੈਂਬਰਸ਼ਿੱਪ ਪ੍ਰੋਫ਼ਾਰਮੇ ਪ੍ਰਾਪਤ ਕੀਤੇ ਅਤੇ ਗੀਤਕਾਰ ਲਾਭ ਨਿਮਾਣਾ ਜੀ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਸਭਾ ਦੀ ਮੈਂਬਰਸ਼ਿੱਪ ਲਈ ਅਤੇ ਮੈਂਬਰ ਬਣ ਹਰ ਸੰਭਵ ਸਹਿਯੋਗ ਕਰਨ ਦੀ ਆਸ ਪ੍ਰਗਟਾਈ। ਸਭਾ ਦੇ ਪਹਿਲੇ ਸਥਾਪਨਾ ਦਿਵਸ ਸੰਬੰਧੀ ਦਾਨੀ ਸੱਜਣਾ ਦੇ ਨਾਂ ਸੁਝਾਏ ਗਏ ਅਤੇ ਉਹਨਾਂ ਵੱਲੋਂ ਵਿੱਤੀ ਸਹਿਯੋਗ ਦੀ ਆਸ ਲਾਉਂਦਿਆਂ ਸਭਾ ਦਾ ਬਜਟ ਕਾਇਮ ਕਰਨ ਉੱਤੇ ਜ਼ੋਰ ਦੇਣ ਦਾ ਸਭ ਹਾਜ਼ਰ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਪ੍ਰਣ ਕੀਤਾ। ਅੰਤ ਵਿੱਚ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ ਨੇ ਸਭ ਹਾਜ਼ਰ ਮੈਂਬਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਸਭਾ ਦੀ ਅਗਲੀ ਮੀਟਿੰਗ ਦੀ ਤਰੀਕ ਐਲਾਨੀ, ਜੋ ਕਿ ਆਉਣ ਵਾਲੀ 20 ਜਨਵਰੀ 2024 ਦਿਨ ਸ਼ਨੀਵਾਰ ਨੂੰ ਹੋਵੇਗੀ। ਮੀਟਿੰਗ ਵਿੱਚ ਮੀਤ ਪ੍ਰਧਾਨ ਗੁਰਕੀਰਤ ਸਿੰਘ ਔਲਖ, ਜਨਰਲ ਸਕੱਤਰ ਗਗਨ ਫੂਲ, ਵਿੱਤ ਸਕੱਤਰ ਜਗਤਾਰ ਸਿੰਘ ਰਤਨ, ਮੁੱਖ ਸਲਾਹਕਾਰ ਬੰਤ ਸਿੰਘ ਫੂਲਪੁਰੀ, ਪ੍ਰੈੱਸ ਸਕੱਤਰ ਗੁਰਬਖ਼ਸ਼ੀਸ਼ ਸਿੰਘ ਅਤੇ ਨਵ ਨਿਯੁਕਤ ਮੈਂਬਰ ਗੀਤਕਾਰ ਲਾਭ ਨਿਮਾਣਾ ਜੀ ਹਾਜ਼ਰ ਸਨ।