16 ਅਪ੍ਰੈਲ (ਦੇਸ ਪੰਜਾਬ ਬਿਊਰੋ ) ਸ੍ਰੀ ਮੁਕਤਸਰ ਸਾਹਿਬ: ਬਾਬਾ ਸੋਨੀ ਸੇਵਾ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਸੋਨੀ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪੰਦਰਾਂ ਅਪ੍ਰੈਲ ਨੂੰ ਇੱਕ ਗਰਜਵੰਦ ਜੋੜੇ ਦੀ ਸ਼ਾਦੀ ਕੀਤੀ ਗਈ ਤੇ ਪਿਛਲੇ ਸਾਲ ਕੀਤੀਆਂ ਸ਼ਾਦੀਆਂ ਦੇ ਪੰਜ ਜੋੜਿਆਂ ਨੂੰ ਘਰੇਲੂ ਸਾਮਾਨ ਜਿਨ੍ਹਾਂ ਵਿੱਚ ਡਬਲ ਬੈਡ, ਕੁਰਸੀਆਂ ਮੇਜ਼, ਸਟੈਂਡਿੰਗ ਫੈਨ,ਪੇਟੀ,ਬਿਸਤਰੇ ਅਤੇ ਹਾੜੂ ਸਿਆਲੂ ਕੱਪੜੇ ਦਿੱਤੇ ਗਏ।ਵਿਆਹ ਵਾਲੇ ਜੋੜੇ ਦੇ ਆਨੰਦ ਕਾਰਜ ਗੁਰਮਰਯਾਦਾ ਅਨੁਸਾਰ ਰੁਪਾਣਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਦੋਹਾਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕਰਵਾਏ ਅਤੇ ਗੁਰਦੁਆਰਾ ਸਾਹਿਬ ਦੇ ਨਿਯਮਾਂ ਅਨੁਸਾਰ ਦੋਵੇਂ ਬੱਚਿਆਂ ਦੇ ਰਜਿਸਟਰਾਰ ਸਾਈਨ ਕਰਵਾਏ ਗਏ ਤਾਂ ਕਿ ਇਹ ਸ਼ਾਦੀ ਪ੍ਰਮਾਣਿਤ ਰਹੇ।ਯਾਦ ਰਹੇ ਕਿ ਜਦੋਂ ਤੋਂ ਬਾਬਾ ਜੀ ਨੇ ਇਹ ਸ਼ਾਦੀਆਂ ਦੀ ਸੇਵਾ ਅਰੰਭੀ ਹੈ ਓਦੋਂ ਤੋਂ ਅੱਜ ਤੱਕ ਜਿਨੀਆਂ ਵੀ ਸ਼ਾਦੀਆਂ ਕਰਵਾਈਆਂ ਹਨ ਓਹਨਾਂ ਬੱਚਿਆਂ ਦੇ ਅਧਾਰ ਕਾਰਡ ਮਾਤਾ ਪਿਤਾ ਦੇ ਅਧਾਰ ਕਾਰਡ ਦਸਤਖ਼ਤ ਕਰਵਾ ਕੇ ਤੇ ਪੂਰੇ ਸਬੂਤ ਲੈ ਕੇ ਸ਼ਾਦੀਆਂ ਕਰਵਾਉਂਦੇ ਹਨ।ਇਸ ਤੋਂ ਪਹਿਲਾਂ ਆਸ਼ਰਮ ਵਿਚ ਬਰਾਤ ਅਤੇ ਮੇਲ ਨੂੰ ਜੀ ਆਇਆਂ ਕਿਹਾ ਗਿਆ।ਚਾਹ ਪਾਣੀ ਲੰਗਰ ਦੀ ਬਹੁਤ ਵਧੀਆ ਵਿਵਸਥਾ ਕੀਤੀ ਗਈ।ਇਸ ਪੁੰਨ ਦੇ ਕਾਰਜ ਵਿੱਚ ਕਰਨਪ੍ਰੀਤ ਆਸਟ੍ਰੇਲੀਆ ਤੇ ਗੁਰਪ੍ਰੀਤ ਕਨੇਡਾ ਵੱਲੋਂ ਲੜਕੀਆਂ ਲਈ ਬਿਸਤਰਿਆਂ ਦੀ ਸੇਵਾ ਕੀਤੀ ਗਈ,ਕੁਲਬੀਰ ਸਿੰਘ ਕੰਡਾ ਵੱਲੋਂ ਇੱਕ ਲੜਕੀ ਨੂੰ ਡਬਲ ਬੈਡ,ਗੱਦੇ, ਸਟੈਂਡਿੰਗ ਪੱਖਾ ਤੇ ਹੋਰ ਘਰੇਲੂ ਸਾਮਾਨ ਦੀ ਸੇਵਾ ਕੀਤੀ ਗਈ, ਸਵਰਨਕਾਰ ਬਰਾਦਰੀ ਵੱਲੋਂ ਵੀ ਇਸ ਯੱਗ ਵਿੱਚ ਹਿੱਸਾ ਪਾਇਆ ਗਿਆ, ਵਿਕਰਮ ਜੀਤ ਸਿੰਘ ਜੋ ਅਕਸਰ ਹੀ ਆਸ਼ਰਮ ਨੂੰ ਸਹਾਇਤਾ ਦਿੰਦੇ ਨੇ ਓਨਾਂ ਨੇ ਵੀ ਇਸ ਕਾਰਜ ਲਈ ਦਾਨ ਦਿੱਤਾ। ਹੋਰ ਵੀ ਪਿੰਡਾਂ ਅਤੇ ਸ਼ਹਿਰ ਦੀ ਸੰਗਤ ਵੱਲੋਂ ਤਿਲ ਫੁਲ ਭੇਂਟ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ, ਬਾਬਾ ਸੋਨੀ ਜੀ ਵੱਲੋਂ ਸਾਰੀ ਹੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ।ਇਸ ਸਮੇਂ ਤੇ ਬਾਬਾ ਜੀ ਦੇ ਨਾਲ ਸੇਵਾਦਾਰ ਜਸਵੀਰ ਸ਼ਰਮਾਂ ਦੱਦਾਹੂਰ, ਗ਼ਰੀਬ ਦਾਸ ਸਰਪੰਚ, ਗੁਰਪਾਲ ਸਿੰਘ ਧਾਲੀਵਾਲ ਖੂਨਣ ਕਲਾਂ, ਗੁਰਤੇਜ ਸਿੰਘ,ਬੋਹੜ ਸਿੰਘ,ਰੁਲਦੂ ਸਿੰਘ, ਵਕੀਲ ਸਿੰਘ, ਜਰਨੈਲ ਸਿੰਘ ਪਰੇਮੀ ਅਤੇ ਹੋਰ ਵੀ ਬਹੁਤ ਸਾਰੇ ਸੇਵਾਦਾਰਾਂ ਨੇ ਇਸ ਪੁੰਨ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਬਾਬਾ ਜੀ ਨੇ ਸਭਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਇਸੇ ਤਰ੍ਹਾਂ ਪੁੰਨ ਦੇ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।